ਤਰਨਤਾਰਨ : ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਗੇਟਵੇ ਗੱਡੀ ਨੂੰ ਪਿੰਡ ਨੂਰਦੀ ਨਜ਼ਦੀਕ ਸ਼ਨਿੱਚਰਵਾਰ ਉਸ ਵੇਲੇ ਅੱਗ ਲੱਗ ਗਈ ਜਦੋਂ ਇਸ ਗੱਡੀ 'ਚ ਸਵਾਰ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਮੁਲਾਜ਼ਮਾ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਕਣਕ ਲੈਣ ਜਾ ਰਹੇ ਸੀ। ਅੱਗ ਲੱਗਣ ਕਾਰਨ ਬੇਕਾਬੂ ਹੋਈ ਗੱਡੀ ਰੁੱਖ ਨਾਲ ਜਾ ਟਕਰਾਈ। ਹਾਦਸੇ ਦੌਰਾਨ ਗੱਡੀ 'ਚ ਸਵਾਰ ਲੋਕ ਵਾਲ-ਵਾਲ ਬਚ ਗਏ।
ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੀ ਗੱਡੀ ਨੰਬਰ ਪੀਬੀ 46 ਐਮ 3767 ਨੂੰ ਜਗਤਾਰ ਸਿੰਘ ਨਾਂ ਦਾ ਡਰਾਈਵਰ ਚਲਾ ਰਿਹਾ ਸੀ। ਮੀਤ ਮੈਨੇਜਰ ਨਿਰਮਲ ਸਿੰਘ, ਗੁਰਦੁਆਰਾ ਇੰਸਪੈਕਟਰ ਬਲਦੇਵ ਸਿੰਘ ਤੋਂ ਇਲਾਵਾ ਸਟੋਰ ਕੀਪਰ ਪਰਮਜੀਤ ਸਿੰਘ ਆਦਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਤੋਂ ਗੱਡੀ 'ਚ ਕਣਕ ਲੈਣ ਲਈ ਜਾ ਰਹੇ ਸੀ। ਜਦੋਂ ਨੂਰਦੀ ਪਿੰਡ ਨੇੜੇ ਪੁੱਜੇ ਤਾਂ ਗੱਡੀ 'ਚੋਂ ਧੂੰਆ ਨਿਕਲਣਾ ਸ਼ੁਰੂ ਹੋ ਗਿਆ ਅਤੇ ਵੇਖਦੇ ਹੀ ਵੇਖਦੇ ਅੱਗ ਲੱਗ ਗਈ ਜਿਸ ਕਾਰਨ ਬੇਕਾਬੂ ਹੋਈ ਗੱਡੀ ਸੜਕ ਕਿਨਾਰੇ ਰੁੱਖਾਂ ਨਾਲ ਜਾ ਟਕਰਾਈ। ਅੱਗ ਦੀਆਂ ਲਪਟਾਂ 'ਚ ਘਿਰੀ ਗੱਡੀ 'ਚੋਂ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸ਼ੀਸ਼ੇ ਤੋੜ ਕੇ ਮੁਸ਼ਕਿਲ ਨਾਲ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ। ਸੂਚਨਾ ਮਿਲਦੇ ਹੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਦੇ ਮੈਨੇਜਰ ਬਲਵਿੰਦਰ ਸਿੰਘ ਉਬੋਕੇ ਹੋਰ ਸਟਾਫ ਸਮੇਤ ਮੌਕੇ 'ਤੇ ਪਹੁੰਚੇ ਅਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ। ਜਦੋਂ ਤਕ ਫਾਇਰ ਬ੍ਰਿਗੇਡ ਘਟਨਾ ਸਥਾਨ 'ਤੇ ਪੁੱਜੀ ਉਦੋਂ ਤਕ ਗੱਡੀ ਸੜ ਕੇ ਸੁਆਹ ਹੋ ਚੁੱਕੀ ਸੀ। ਮੈਨੇਜਰ ਬਲਵਿੰਦਰ ਸਿੰਘ ਉਬੋਕੇ ਨੇ ਕਿਹਾ ਕਿ ਗੱਡੀ ਦਾ ਨੁਕਸਾਨ ਹੋਇਆ ਹੈ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਉਸ ਵਿਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਇਸ ਮੌਕੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਦੇ ਐਡੀਸ਼ਨਲ ਮੈਨੇਜਰ ਸਤਿਨਾਮ ਸਿੰਘ ਅਤੇ ਰਿਕਾਰਡ ਕੀਪਰ ਦਿਲਬਾਗ ਸਿੰਘ ਵੀ ਮੌਜੂਦ ਸਨ।