Friday, November 22, 2024
 

ਪੰਜਾਬ

ਕੈਪਟਨ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕਹੀ ਵੱਡੀ ਗੱਲ

July 17, 2021 11:42 AM

ਪਟਿਆਲਾ: ਪੰਜਾਬ ਕਾਂਗਰਸ 'ਚ ਚਲ ਰਹੀ ਹਲਚਲ ਅਤੇ ਹਾਈਕਮਾਨ ਵਲੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਦੀਆਂ ਅਟਕਲਾਂ ਵਿਚਾਲੇ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈਕਮਾਨ ਜ਼ਬਰਦਸਤੀ ਪੰਜਾਬ ਸਰਕਾਰ ਤੇ ਪੰਜਾਬ ਦੀ ਸਿਆਸਤ 'ਚ ਦਖਲ ਦੇ ਰਹੀ ਹੈ। ਹਾਈਕਮਾਨ ਨੂੰ ਸਮਝਣਾ ਚਾਹੀਦਾ ਹੈ ਕਿ ਪੰਜਾਬ ਦੇ ਹਾਲਾਤ ਇੰਨੇ ਅਨੁਕੂਲ ਨਹੀਂ ਹਨ ਤੇ ਇਸ ਦਾ ਨੁਕਸਾਨ ਪਾਰਟੀ ਤੇ ਸਰਕਾਰ ਦੋਵਾਂ ਨੂੰ ਚੁੱਕਣਾ ਪੈ ਸਕਦਾ ਹੈ। ਕਾਂਗਰਸ ਦੇ ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਨੇ ਜ਼ਿਕਰ ਕੀਤਾ ਹੈ ਕਿ ਪੁਰਾਣੇ ਨੇਤਾਵਾਂ ਦੀ ਅਣਦੇਖੀ ਕਰਨ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀਆਂ ਸੰਭਾਵਨਾਵਾਂ 'ਤੇ ਉਲਟ ਪ੍ਰਭਾਵ ਪੈ ਸਕਦਾ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਸ਼ੁੱਕਰਵਾਰ ਸਵੇਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਸਨ। ਉਥੇ ਹੀ ਸ਼ਾਮ ਹੁੰਦੇ-ਹੁੰਦੇ ਪਟਿਆਲਾ ਸਥਿਤ ਸਿੱਧੂ ਦੀ ਰਿਹਾਇਸ਼ 'ਤੇ ਸਮਰਥਕਾਂ ਦੀ ਭੀੜ ਇਕੱਠੀ ਹੋਣ ਲੱਗੀ। ਸਮਰਥਕ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਗੁਲਦਸਤੇ ਭੇਟ ਕਰਨ ਲੱਗੇ। ਮੰਨਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਦਿੱਤੀ ਜਾ ਸਕਦੀ ਹੈ। ਫਿਲਹਾਲ ਸਮਰਥਕਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਹੋਰ ਉਡੀਕ ਕਰਨੀ ਪਵੇਗੀ। ਥੋੜ੍ਹੀ ਹੀ ਦੇਰ 'ਚ ਪ੍ਰਧਾਨ ਜੀ ਦੀ ਚਿੱਠੀ ਆ ਜਾਵੇਗੀ ਤੇ ਉਸ ਤੋਂ ਬਾਅਦ ਬਾਕੀ ਦੀ ਸੈਲੀਬ੍ਰੇਸ਼ਨ ਕੀਤੀ ਜਾਵੇਗੀ।

ਇਹ ਵੀ ਦੱਸਣਯੋਗ ਹੈ ਕਿ ਪੰਜਾਬ ਇੰਚਾਰਜ ਹਰੀਸ਼ ਰਾਵਤ ਨੇ ਇਕ ਨਿਊਜ਼ ਚੈਨਲ ਨੂੰ ਗੱਲਬਾਤ ਦੌਰਾਨ ਦੱਸ ਦਿੱਤਾ ਕਿ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਧਾਨ ਬਣਾਇਆ ਜਾ ਸਕਦਾ ਹੈ, ਜਦਕਿ ਮੁੱਖ ਮੰਤਰੀ ਦਾ ਅਹੁਦਾ ਕੈਪਟਨ ਅਮਰਿੰਦਰ ਸਿੰਘ ਕੋਲ ਹੀ ਰਹਿ ਸਕਦਾ ਹੈ। ਹਰੀਸ਼ ਰਾਵਤ ਦੇ ਇਸੇ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ 'ਚ ਦੰਗਲ ਸ਼ੁਰੂ ਹੋਇਆ ਸੀ। ਇਸ ਬਿਆਨ ਤੋਂ ਬਾਅਦ ਹਰੀਸ਼ ਰਾਵਤ ਦੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਈ। ਅਜਿਹੀ ਹਾਲਤ 'ਚ ਸਿੱਧੂ ਹੱਥ ਪੰਜਾਬ ਕਾਂਗਰਸ ਦੀ ਕਮਾਨ ਦੇਣ ਦੀ ਗੱਲ ਸਹੀ ਲੱਗ ਰਹੀ ਹੈ।

ਦਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੋਂ ਪਹਿਲਾਂ ਕਾਂਗਰਸ ਦੋਫਾੜ ਹੋਣ ਦੀ ਕਗਾਰ 'ਤੇ ਖੜੀ ਜਾਪਦੀ ਹੈ। ਜੇਕਰ ਕੈਪਟਨ ਖੇਮਾ ਸਿੱਧੂ ਦੀ ਤਾਜਪੋਸ਼ੀ ਨੂੰ ਰੋਕਣ ਲਈ ਹਾਈ ਕਮਾਨ 'ਤੇ ਦਬਾਅ ਪਾਉਂਦਾ ਹੈ ਤਾਂ ਸਿੱਧੂ ਖੇਮਾ ਵੀ ਅਗਲੀ ਰਣਨੀਤੀ ਦੀ ਵੀ ਤਿਆਰੀ ਕਰ ਰਿਹਾ ਹੈ।

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਮਤਭੇਦ ਨੂੰ ਖਤਮ ਕਰਦਿਆਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਅਗਲੀ ਚੋਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਲੜੇਗੀ। ਹੁਣ ਇਹ ਸਾਫ ਹੋ ਗਿਆ ਹੈ ਕਿ ਨਵਜੋਤ ਸਿੱਧੂ ਜੋ ਮਰਜੀ ਕਰ ਲੈਣ, ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੰਮ ਕਰਨਾ ਪਏਗਾ।

 

Have something to say? Post your comment

 
 
 
 
 
Subscribe