ਨਾਭਾ : ਨਾਭਾ ਦੀ ਮੈਕਸੀਮਮ ਸਕਿਓਰਟੀ ਜੇਲ੍ਹ ਵਿੱਚ ਹਾਈ ਸਿਕਿਓਰਿਟੀ ਜ਼ੋਨ 'ਚ ਬੰਦ ਅਪਰਾਧੀਆਂ ਦੀ ਇੱਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਧੋਖਾਧੜੀ ਕਰਨ ਦੇ ਇਰਾਦ ਨਾਲ ਜੇਲ੍ਹ ਦੇ ਅੰਦਰ ਬੈਠੇ ਕੈਦੀਆਂ ਵੱਲੋਂ ਨਕਲੀ ਸਰਕਾਰੀ ਵੈਬਸਾਈਟ ਬਣਾਈ ਗਈ। ਇਸ ਮਾਮਲੇ ਵਿੱਚ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਨਵੰਬਰ ਸਾਲ 2016 ਵਿੱਚ ਨਾਭਾ ਜਲ੍ਹ ਬ੍ਰੇਕ ਕਾਂਡ ਹੋਇਆ ਸੀ ਅਤੇ ਇਹ ਨਕਲੀ ਸਰਕਾਰੀ ਵੈੱਬਸਾਈਟ ਬਣਾਉਣ ਵਾਲੇ ਉਸ ਜੇਲ ਬ੍ਰੇਕ ਕੇਸ ਵਿੱਚ ਵੀ ਦੋਸ਼ੀ ਸਨ। ਹਰਿਆਣਾ ਦੇ ਕੁਰੂਕਸ਼ੇਤਰ ਦੇ ਵਸਨੀਕ ਅਮਨ ਕੁਮਾਰ ਅਤੇ ਪੰਜਾਬ ਦੇ ਵਸਨੀਕ ਸੁਨੀਲ ਕਾਲੜਾ ਨੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਹੈ, ਦੋਵਾਂ ਉੱਤੇ ਬਹੁਤ ਸਾਰੇ ਅਪਰਾਧਿਕ ਕੇਸ ਦਰਜ ਹਨ, ਜਿਸ ਵਿੱਚ ਸੁਨੀਲ ਕਾਲੜਾ ਨਾਭਾ ਦੀ ਇੱਕ ਔਰਤ ਦੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਸਾਜਿਸ਼ ਦੇ ਤਹਿਤ ਹੁਸ਼ਿਆਰਪੁਰ ਵਿੱਚ ਰਹਿਣ ਵਾਲੇ ਇੱਕ ਭਰਾ-ਭੈਣ, ਜੋ ਇੱਕ ਵੈਬਸਾਈਟ ਮਾਹਰ ਹਨ, ਕੋਲੋਂ ਖੁਦ ਦਾ ਸੀਬੀਆਈ ਅਧਿਕਾਰੀ ਹੋਣ ਦਾ ਹਵਾਲਾ ਦਿੰਦੇ ਹੋਏ ਧੋਖਾਧੜੀ ਨਾਲ ਸਰਕਾਰੀ ਵੈੱਬਸਾਈਟ ਬਣਾਈ ਗਈ। ਜਿਸ ਵਿੱਚ ਦੋਵਾਂ ਮੁਲਜ਼ਮਾਂ ਨੇ sdrfindia.org ਦੇ ਡੋਮੇਨ ਤੋਂ ਐਸਡੀਆਰਐਫ ਦੀ ਵੈਬਸਾਈਟ ਬਣਾਈ, ਜਿਸ ਰਾਹੀਂ ਉਹ ਵਿਭਾਗ ਵਿੱਚ ਭਰਤੀ ਕਰਾਉਣ ਦੇ ਨਾਮ 'ਤੇ ਪੰਜ-ਪੰਜ ਸੌ ਰੁਪਏ ਫੀਸ ਵਸੂਲ ਕੇ ਠੱਗੀ ਕਰਨਾ ਚਾਹੁੰਦੇ ਸਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਸਰਕਾਰੀ ਵੈਬਸਾਈਟ ਬਣਾ ਕੇ ਅਤੇ ਭਾਰਤ ਸਰਕਾਰ ਦੇ ਪ੍ਰਤਕ ਚਿਨ੍ਹਾਂ ਦਾ ਇਸਤੇਮਾਲ ਕਰਕੇ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਜੇਲ੍ਹ ਤੋਂ ਲਿਆਂਦਾ ਗਿਆ ਹੈ, ਜਦਕਿ ਇੱਕ ਮੁਲਜ਼ਮ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।