ਲੁਧਿਆਣਾ : ਇਸ ਨੂੰ ਸਿਆਸਤ ਕਹਿ ਸਕਦੇ ਹਾਂ ਜਾਂ ਨਿਜੀ ਰੰਜਸ਼ ਕਿ ਕਿਸੇ ਉਪਰ ਵੀ ਪਰਚਾ ਦਰਜ ਕਰਵਾ ਕੇ ਉਸ ਨੂੰ ਬਦਨਾਮ ਕੀਤਾ ਜਾਵੇ, ਬੇਸ਼ੱਕ ਬਾਅਦ ਵਿਚ ਇਨਕੁਆਰੀ ਹੁੰਦੀ ਰਹੇ ਪਰ ਇਕ ਵਾਰ ਬੰਦੇ ਦੇ ਦਾਮਨ ਨੂੰ ਦਾਗ਼ਦਾਰ ਕਰ ਦਿਤਾ ਜਾਵੇ। ਦਰਅਸਲ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵੱਲੋਂ ਆਪਣੇ ਸਮੇਤ 6 ਲੋਕਾਂ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਬੰਧਕ ਬਣਾਉਣ ਨੂੰ ਲੈ ਕੇ ਐੱਫ਼. ਆਈ. ਆਰ. ਦਰਜ ਕਰਨ ਦੇ ਜ਼ਿਲ੍ਹਾ ਲੁਧਿਆਣਾ ਦੀ ਅਦਾਲਤ ਦੇ ਹੁਕਮਾਂ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ। ਇਸ ’ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਵੀਰਵਾਰ ਤੱਕ ਜਵਾਬ ਮੰਗਿਆ ਹੈ। ਬੈਂਸ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਔਰਤ ਨੂੰ ਮੋਹਰਾ ਬਣਾ ਕੇ ਵਿਰੋਧੀ ਸਿਆਸੀ ਪਾਰਟੀਆ ਉਨ੍ਹਾਂ ਨੂੰ ਫਸਾਉਣ ਦੀ ਸਾਜਿਸ਼ ਰਚ ਰਹੀਆਂ ਹਨ ਅਤੇ ਉਨ੍ਹਾਂ ’ਤੇ ਲੱਗੇ ਦੋਸ਼ ਉਸੇ ਸਾਜਿਸ਼ ਦਾ ਹਿੱਸਾ ਹਨ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਕ ਔਰਤ ਵੱਲੋਂ ਸਿਮਰਜੀਤ ਬੈਂਸ ’ਤੇ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ। ਇਸ ਮਾਮਲੇ ਵਿਚ ਲੁਧਿਆਣਾ ਦੀ ਅਦਾਲਤ ਨੇ ਸਿਮਰਜੀਤ ਸਿੰਘ ਬੈਂਸ ’ਤੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਸਨ। ਲੁਧਿਆਣਾ ਦੀ ਅਦਾਲਤ ਦੇ ਹੁਕਮਾਂ ਤੋਂ ਬਾਅਦ ਪੁਲਸ ਵਲੋਂ ਸਿਮਰਜੀਤ ਬੈਂਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।