ਬਰਨਾਲਾ : ਜ਼ਿਲ੍ਹਾ ਬਰਨਾਲਾ ਵਿਚ ਪਤੀ-ਪਤਨੀ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਪਤੀ ਦੀ ਇਲਾਜ ਦੌਰਾਨ ਪਟਿਆਲਾ ਵਿਖੇ ਮੌਤ ਹੋ ਗਈ ਅਤੇ ਪਤਨੀ ਤਪਾ ਮੰਡੀ ਦੇ ਪ੍ਰਾਈਵੇਟ ਹਸਪਤਾਲ ਵਿਚ ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੀ ਹੈ। ਇਸ ਮੌਕੇ ਜ਼ਹਿਰੀਲੀ ਦਵਾਈ ਪੀਣ ਵਾਲੀ ਪ੍ਰਾਈਵੇਟ ਹਸਪਤਾਲ ‘ਚ ਦਾਖ਼ਲ (47)ਸਾਲ ਦੀ ਕਮਲਜੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ (52) ਸਾਲ ਦੇ ਉਹਦਾ ਪਤੀ ਮਿਸਤਰੀ ਦਰਸ਼ਨ ਸਿੰਘ ਬਤੌਰ ਬੋਰਿੰਗ ਮਸ਼ੀਨ ਮਿਸਤਰੀ ਸੀ। ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾ ਕੇ ਬੋਰ ਕਰਕੇ ਦਿਹਾੜੀ ਮਜ਼ਦੂਰੀ ਕਰਕੇ ਪਰਿਵਾਰ ਦਾ ਪੇਟ ਪਾਲਦਾ ਸੀ। ਪਰ ਕੋਰੋਨਾ ਮਹਾਵਾਰੀ ਦੌਰਾਨ ਪਿਛਲੇ ਕਈ ਮਹੀਨਿਆਂ ਤੋਂ ਕੰਮ ਨਹੀਂ ਚੱਲਿਆ ਅਤੇ ਲੋਕਾਂ ਅਤੇ ਬੈਂਕ ਤੋਂ ਲਿਆ ਡੇਢ ਲੱਖ ਦੇ ਕਰੀਬ ਕਰਜ਼ਾ ਵਾਪਸ ਨਹੀਂ ਕਰ ਸਕਿਆ। ਪੈਸੇ ਲੈਣ ਵਾਲੇ ਲੋਕ ਘਰੇ ਆਉਂਦੇ ਸਨ ਅਤੇ ਘਰ ਵਿੱਚ ਰੋਜ਼ਾਨਾ ਕਲੇਸ਼ ਰਹਿੰਦਾ ਸੀ। ਲੋਕਾਂ ਦੇ ਪੈਸੇ ਲੈਣ-ਦੇਣ ਨੂੰ ਚੱਲਦਿਆਂ ਪਤੀ-ਪਤਨੀ ਵਿਚਕਾਰ ਤੂੰ-ਤੂੰ, ਮੈਂ-ਮੈਂ ਹੋ ਗਈ ਜਿਸ ਤੋਂ ਬਾਅਦ ਉਸਦੇ ਪਤੀ ਦਰਸ਼ਨ ਸਿੰਘ ਨੇ ਸਲਫਾਸ ਦੀਆਂ ਗੋਲੀਆਂ ਅਤੇ ਉਸਦੀ ਪਤਨੀ ਨੇ ਸਪਰੇਅ ਪੀਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਵਿਚ ਉਸਦੇ ਪਤੀ ਦਰਸ਼ਨ ਸਿੰਘ ਦੀ ਪਟਿਆਲਾ ਵਿਖੇ ਮੌਤ ਹੋ ਗਈ ਅਤੇ ਪਤਨੀ ਤਪਾ ਮੰਡੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੈ। ਰਿਸ਼ਤੇਦਾਰਾਂ ਨੇ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਅਤੇ ਕਰਜ਼ੇ ਕਾਰਨ ਘਰ ਦੇ ਹਾਲਾਤ ਇਸ ਤਰ੍ਹਾਂ ਬਦ ਤੋਂ ਬਦਤਰ ਹੋ ਗਏ ਸਨ ਕਿ ਲੋਕਾਂ ਦੇ ਪੈਸੇ ਦੇਣ ਕਾਰਨ ਅਕਸਰ ਦੋਵੇਂ ਪ੍ਰੇਸ਼ਾਨ ਰਹਿੰਦੇ ਸਨ। ਰਿਸ਼ਤੇਦਾਰਾਂ ਨੇ ਸਰਕਾਰ ਤੋਂ ਆਰਥਿਕ ਮਦਦ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਪੀੜ੍ਹਤ ਪਰਿਵਾਰ ਦਾ ਚੜ੍ਹਿਆ ਕਰਜ਼ਾ ਮੁਆਫ ਅਤੇ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਬਾਕੀ ਰਹਿੰਦਾ ਪਰਿਵਾਰ ਗੁਜ਼ਾਰਾ ਕਰ ਸਕੇ। ਇਸ ਮਾਮਲੇ ਸਬੰਧੀ ਸਬ-ਡਵੀਜ਼ਨ ਤਪਾ ਮੰਡੀ ਦੇ ਪੁਲਸ ਥਾਣਾ ਤਪਾ ਐਸ.ਐਚ.ਓ ਜਗਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਢਿਲਵਾਂ ਵਾਸੀ ਦਰਸ਼ਨ ਸਿੰਘ ਅਤੇ ਉਸਦੀ ਪਤਨੀ ਵਿਚ ਆਪਸੀ ਝਗੜੇ ਕਾਰਨ ਦੋਵਾਂ ਨੇ ਜ਼ਹਿਰੀਲਾ ਪਦਾਰਥ ਨਿਗਲਿਆ ਸੀ.ਜਿਸ ਵਿਚ ਦਰਸ਼ਨ ਸਿੰਘ ਦੀ ਮੌਤ ਹੋ ਗਈ। ਤਪਾ ਪੁਲਿਸ ਨੇ ਧਾਰਾ 174 ਤਹਿਤ ਮਾਮਲਾ ਦਰਜ ਕਰਕੇ ਮਾਮਲੇ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ ਆਰਥਿਕ ਮੰਦੀ ਦੇ ਚੱਲਦਿਆਂ ਲੋਕ ਖੁਦਕੁਸ਼ੀਆਂ ਦੇ ਰਾਹ ਅਪਣਾਉਣ ਲੱਗੇ ਹਨ। ਸਰਕਾਰ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਵੇ ਤਾਂ ਜੋ ਕੋਈ ਖ਼ੁਦਕੁਸ਼ੀ ਦਾ ਰਾਹ ਨਾ ਅਪਣਾ ਸਕੇ।