ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ 245ਵੇਂ ਆਜਾਦੀ ਦਿਵਸ ’ਤੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਸਾਰੇ ਅਮਰੀਕੀ ਵਾਸੀਆਂ ਨੂੰ ਵਧਾਈ ਦਿੱਤੀ ਹੈ। ਸ਼੍ਰੀ ਮੋਦੀ ਨੇ ਐਤਵਾਰ ਨੂੰ ਇਕ ਟਵੀਟ ਸੰਦੇਸ਼ ’ਚ ਕਿਹਾ, ‘‘ਰਾਸ਼ਟਰਪਤੀ ਜੋਅ ਬਾਈਡੇਨ ਅਤੇ ਸਾਰੇ ਅਮਰੀਕੀਵਾਸੀਆਂ ਨੂੰ ਅਮਰੀਕਾ ਦੇ 245ਵੇਂ ਆਜਾਦੀ ਦਿਵਸ ’ਤੇ ਸ਼ੁੱਭਕਾਮਨਾਵਾਂ ਅਤੇ ਵਧਾਈ। ਭਾਰਤ ਅਤੇ ਅਮਰੀਕਾ ਦੋਵੇਂ ਜੀਵੰਤ ਲੋਕਤੰਤਰ ਹਨ ਅਤੇ ਸੁਤੰਤਰਤਾ ਤੇ ਆਜਾਦੀ ਦੇ ਮੁੱਲਾਂ ਨੂੰ ਮਹੱਤਵ ਦਿੰਦੇ ਹਨ। ਸਾਡੀ ਰਣਨੀਤਕ ਸਾਂਝੇਦਾਰੀ ਦਾ ਗਲੋਬਲ ਮਹੱਤਵ ਹੈ।’’
ਦੱਸਣਯੋਗ ਹੈ ਕਿ ਅਮਰੀਕਾ ’ਚ ਆਜਾਦੀ ਦਿਵਸ 4 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਅਮਰੀਕਾ ’ਚ ਛੁੱਟੀ ਵੀ ਹੁੰਦੀ ਹੈ। ਅਮਰੀਕਾ ਨੇ 4 ਜੁਲਾਈ 1776 ਨੂੰ ਅਪਣੀ ਆਜਾਦੀ ਦਾ ਐਲਾਨ ਕੀਤਾ ਸੀ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਅਮਰੀਕੀ ਸੁਤੰਤਰਤਾ ਦਿਵਸ ਮੌਕੇ ਐਤਵਾਰ ਨੂੰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਸਰਕਾਰ ਅਤੇ ਅਮਰੀਕਾ ਦੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦਿਤੀਆਂ। ਜੈਸ਼ੰਕਰ ਨੇ ਵੀ ਟਵੀਟ ਕਰ ਕੇ ਕਿਹਾ ਕਿ ਐਂਟਨੀ ਬਲਿੰਕਨ ਅਤੇ ਅਮਰੀਕਾ ਦੀ ਸਰਕਾਰ ਅਤੇ ਲੋਕਾਂ ਨੂੰ ਉਨ੍ਹਾਂ ਦੇ ਆਜਾਦੀ ਦਿਵਸ ’ਤੇ ਮੇਰੀਆਂ ਹਾਰਦਿਕ ਸ਼ੁੱਭਕਾਮਨਾਵਾਂ। ਵਿਸ਼ਵਾਸ ਹੈ ਕਿ ਸਾਡੀ ਮਜਬੂਤ ਸਾਂਝੇਦਾਰੀ, ਜੋ ਇੰਨੇ ਸਾਰੇ ਸਾਂਝਾ ਮੁੱਲਾਂ ਅਤੇ ਹਿੱਤਾਂ ’ਤੇ ਆਧਾਰਤ ਹੈ, ਅੱਗੇ ਵੀ ਵਧਦੀ ਰਹੇਗੀ।