Friday, November 22, 2024
 

ਪੰਜਾਬ

ਕਿਸਾਨਾਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਦੀ ਜ਼ਮੀਨ ’ਚ ਲੱਗਾ ਝੋਨਾ ਪੁੱਟ ਸੁੱਟਿਆ

July 02, 2021 06:03 PM

ਬਰਨਾਲਾ : ਕਿਸਾਨਾ ਦਾ ਸੰਘਰਸ਼ ਪਿਛਲੇ ਲੱਗਭਗ ਸੱਤ ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ਉਪਰ ਚਲ ਰਿਹਾ ਹੈ ਅਤੇ ਕਿਸਾਨਾਂ ਨੂੰ ਗੁੱਸਾ ਹੈ ਕਿ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਅਤੇ ਕਾਲੇ ਖੇਤੀ ਕਾਨੂੰਨ ਰੱਦ ਵੀ ਨਹੀਂ ਕੀਤੇ ਜਾ ਰਹੇ। ਇਸੇ ਗੁੱਸੇ ਦਾ ਸ਼ਿਕਾਰ ਅੱਜ ਭਾਜਪਾ ਦੇ ਵੱਡੇ ਆਗੂ ਹੋਏ ਹਨ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਜੱਦੀ ਪਿੰਡ ਧਨੌਲਾ ਹੈ, ਜਿੱਥੇ ਉਸ ਦੀ ਜੱਦੀ ਜ਼ਮੀਨ ਹੈ। ਬਰਨਾਲਾ ਦੇ ਕਸਬਾ ਧਨੌਲਾ ਸਥਾਨਕ ਬਰਨਾਲਾ ਸੰਗਰੂਰ ਰੋਡ ’ਤੇ ਡੇਢ ਏਕੜ ਜ਼ਮੀਨ ਕਿਸੇ ਪਿੰਡ ਦੇ ਵਿਅਕਤੀ ਤੋਂ ਠੇਕੇ ਤੇ ਲੈ ਕੇ ਉਸ ’ਚ ਝੋਨਾ ਲਾਇਆ ਜਾ ਰਿਹਾ ਸੀ ਪਰ ਅੱਜ ਬਰਨਾਲਾ ਵਿਖੇ ਰੇਲਵੇ ਸਟੇਸ਼ਨ ਤੇ 31 ਜਥੇਬੰਦੀਆਂ ਵੱਲੋਂ ਚਲਾਏ ਜਾ ਰਹੇ ਸੰਘਰਸ਼ ਵਿੱਚ ਮੌਜੂਦ ਕਿਸਾਨਾਂ ਵੱਲੋਂ ਡੇਢ ਏਕੜ ਵਿਚ ਲਾਏ ਗਏ ਝੋਨੇ ਨੂੰ ਪੁੱਟ ਸੁੱਟਿਆ ਗਿਆ ਹੈ। ਇਸ ਮਸਲੇ ’ਤੇ ਜਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਉਨ੍ਹਾਂ ਕਿਹਾ ਹਰਜੀਤ ਗਰੇਵਾਲ ਕਿਸਾਨਾਂ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਤੇ ਕਿਸਾਨ ਅੰਦੋਲਨ ਵਿਚ ਬੈਠੇ ਕਿਸਾਨਾਂ ਨੂੰ ਕਿਸਾਨ ਨਹੀਂ ਮੰਨ ਰਿਹਾ ਜਿਸ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਿੱਚ ਰੋਸ ਹੈ।
ਉਨ੍ਹਾਂ ਕਿਹਾ ਕਿ ਅਸੀਂ ਪਿੰਡ ਵਾਸੀਆਂ ਤੇ ਪੰਜਾਬ ਵਾਸੀਆਂ ਨੂੰ ਪਹਿਲਾਂ ਅਪੀਲ ਕਰ ਚੁੱਕੇ ਹਾਂ ਕਿ ਹਰਜੀਤ ਗਰੇਵਾਲ ਦੀ ਜ਼ਮੀਨ ਕੋਈ ਵੀ ਵਿਅਕਤੀ ਠੇਕੇ ਤੇ ਨਾ ਲਵੇ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਠੇਕੇ ਤੇ ਜ਼ਮੀਨ ਲੈ ਕੇ ਝੋਨਾ ਲਗਾਉਣ ਵਾਲੇ ਕਿਸਾਨ ਨੂੰ ਸਮਝਾਉਣ ਆਏ ਸੀ ਪਰ ਉਨ੍ਹਾਂ ਕਿਸਾਨ ਔਰਤਾਂ ਪ੍ਰਤੀ ਅਪਸ਼ਬਦ ਬੋਲੇ ਗਏ ਜਿਸ ਦੇ ਰੋਸ ਵਜੋਂ ਅੱਜ ਜੱਥੇਬੰਦੀਆਂ ਦੀ ਅਗਵਾਈ ’ਚ ਕਿਸਾਨਾਂ ਨੇ ਝੋਨਾ ਨਸ਼ਟ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਹਰਜੀਤ ਸਿੰਘ ਗਰੇਵਾਲ ਦੀ ਜੱਦੀ ਜ਼ਮੀਨ ਦੋ ਜਗ੍ਹਾ ਤੇ ਹੈ ਇਕ ਜਗ੍ਹਾ ਪੰਜ ਏਕੜ ਅਤੇ ਦੂਸਰੀ ਜਗ੍ਹਾ ਡੇਢ ਏਕੜ ਪੰਜ ਏਕੜ ਜਗ੍ਹਾ ਕਿਸੇ ਨੇ ਠੇਕੇ ਤੇ ਨਹੀਂ ਲਈ ਉਹ ਖਾਲੀ ਪਈ ਹੈ। ਪਰ ਇਹ ਡੇਢ ਏਕੜ ਕਿਸੇ ਪਿੰਡ ਦੇ ਵਿਅਕਤੀ ਵੱਲੋਂ ਠੇਕੇ ਤੇ ਲਈ ਗਈ ਸੀ। ਜਿਸ ਵਿੱਚ ਝੋਨਾ ਲਾਇਆ ਗਿਆ ਸੀ ਤੇ ਅੱਜ ਜੱਥੇਬੰਦੀਆਂ ਨੇ ਇਸ ਨੂੰ ਨਸ਼ਟ ਕਰਵਾ ਦਿੱਤਾ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕੇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਦੇ ਆਧਾਰ ’ਤੇ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe