28, 000 ਲੋਕਾਂ ‘ਤੇ ਕਰਵਾਏ ਗਏ ਟਰਾਇਲ
ਨਵੀਂ ਦਿੱਲੀ : ਦੇਸ਼ ਅੰਦਰ ਪੰਜਵੀਂ ਐਂਟੀ ਕੋਰੋਨਾ ਵੈਕਸੀਨ ਨੂੰ ਛੇਤੀ ਹੀ ਪ੍ਰਵਾਨਗੀ ਮਿਲਣ ਦੀ ਸੰਭਾਵਨਾ ਹੈ। ਜ਼ਾਯਡਸ ਕੈਡੀਲਾ ਨੇ ਆਪਣੀ ਕੋਰੋਨਾ ਵੈਕਸੀਨ ‘ਜ਼ਾਇਕੋਵ-ਡੀ’ (ZyCoV-D) ਦੀ ਐਮਰਜੈਂਸੀ ਵਰਤੋਂ ਲਈ ਡਰੱਗਜ਼ ਕੰਟਰੋਲਰ ਜਨਰਲ ਆਫ਼ ਇੰਡੀਆ (ਡੀ.ਸੀ.ਜੀ.ਆਈ.) ਤੋਂ ਪ੍ਰਵਾਨਗੀ ਮੰਗੀ ਹੈ। ਇਹ ਟੀਕਾ 12 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਹੈ। ਇਸ ਦੇ ਫੇਜ਼-3 ਦੇ ਟਰਾਇਲ ਪੂਰੇ ਹੋ ਚੁੱਕੇ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਦੀ ਸਾਲਾਨਾ 12 ਕਰੋੜ ਖੁਰਾਕਾਂ ਬਣਾਉਣ ਦੀ ਯੋਜਨਾ ਹੈ। ਜੇਕਰ ਜ਼ਾਇਕੋਵ-ਡੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਇਹ ਦੇਸ਼ ਵਿਚ ਪੰਜਵੀਂ ਪ੍ਰਵਾਨਤ ਵੈਕਸੀਨ ਹੋਵੇਗੀ । ਦੋ ਦਿਨ ਪਹਿਲਾਂ ਹੀ, ਯੂਐਸ ਦੀ ਕੰਪਨੀ ‘ਮੋਡਰਨਾ’ ਦੀ ਕੋਰੋਨਾ ਵੈਕਸੀਨ ਨੂੰ ਡੀਸੀਜੀਆਈ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਕੋਵਿਸ਼ੀਲਡ, ਕੋਵੈਕਸਿਨ ਅਤੇ ਸਪੁਤਨਿਕ- ਵੀ ਨੇ ਮਨਜ਼ੂਰੀ ਲਈ ਸੀ।
‘ਜ਼ਾਇਕੋਵ-ਡੀ’ ਦੇ ਫੇਜ਼-3 ਟਰਾਇਲ 28, 000 ਲੋਕਾਂ ‘ਤੇ ਕਰਵਾਏ ਗਏ ਸਨ। ਉਨ੍ਹਾਂ ਵਿਚੋਂ 1000 ਅਜਿਹੇ ਸਨ, ਜਿਨ੍ਹਾਂ ਦੀ ਉਮਰ 12-18 ਸਾਲ ਸੀ। ਕੰਪਨੀ ਨੇ ਕੋਰੋਨਾ ਦੀ ਦੂਜੀ ਲਹਿਰ ਦੇ ਸਿਖਰ ਦੇ ਦੌਰਾਨ ਇਹ ਟਰਾਇਲ ਕੀਤੇ ਸਨ। ਜ਼ਾਯਡਸ ਕੈਡੀਲਾ ਦਾ ਕਹਿਣਾ ਹੈ ਕਿ ਇਸ ਦੀ ਵੈਕਸੀਨ ਕੋਰੋਨਾ ਦੇ ਡੈਲਟਾ ਵੇਰੀਐਂਟ ‘ਤੇ ਵੀ ਪ੍ਰਭਾਵਸ਼ਾਲੀ ਹੈ। ਕੈਡਿਲਾ ਹੈਲਥ ਕੇਅਰ ਦੇ ਐਮਡੀ ਸ਼ਰਵਿਲ ਪਟੇਲ ਨੇ ਕਿਹਾ ਕਿ ਅਸੀਂ ਅਗਸਤ ਤੋਂ ਹਰ ਮਹੀਨੇ ਜ਼ਾਇਕੋਵ-ਡੀ ਦੀਆਂ 10 ਮਿਲੀਅਨ ਖੁਰਾਕਾਂ ਅਤੇ ਦਸੰਬਰ ਤੱਕ 5 ਕਰੋੜ ਉਤਪਾਦਨ ਦੀ ਉਮੀਦ ਕਰਦੇ ਹਾਂ। ਸਾਡਾ ਟੀਚਾ ਇਕ ਸਾਲ ਵਿਚ 10 ਕਰੋੜ ਖੁਰਾਕਾਂ ਤਿਆਰ ਕਰਨਾ ਹੈ।
ਖ਼ਾਸੀਅਤ : ZyCoV-D ਸੂਈ ਮੁਕਤ ਟੀਕਾ ਹੈ
ਇਹ ਵੈਕਸੀਨ ਸੂਈ ਦੀ ਬਜਾਏ ਜੈੱਟ ਇੰਜੈਕਟਰ ਨਾਲ ਲਗਾਈ ਜਾਵੇਗੀ। ਜੈੱਟ ਟੀਕੇ ਅਮਰੀਕਾ ਵਿਚ ਵਿਆਪਕ ਤੌਰ ਤੇ ਵਰਤੇ ਜਾਂਦੇ ਹਨ । ਇਸ ਵੈਕਸੀਨ ਨੂੰ ਹਾਈ ਪ੍ਰੈਸ਼ਰ ਨਾਲ ਲੋਕਾਂ ਦੀ ਚਮੜੀ ਵਿੱਚ ਲਗਾਇਆ ਜਾਂਦਾ ਹੈ। ਸੂਈ ਦੇ ਟੀਕੇ ਜੋ ਆਮ ਤੌਰ ਤੇ ਵਰਤੇ ਜਾਂਦੇ ਹਨ, ਉਸ ਨਾਲ ਤਰਲ ਜਾਂ ਦਵਾਈ ਮਾਸਪੇਸ਼ੀਆਂ ਵਿੱਚ ਭੇਜੇ ਜਾਂਦੇ ਹਨ । ਸੈੱਟ ਇੰਜੈਕਟਰ ਵਿੱਚ ਪ੍ਰੈਸ਼ਰ ਲਈ ਕੰਪਰੈਸਡ ਗੈਸ ਜਾਂ ਸਪ੍ਰਿੰਗ ਦਾ ਇਸਤੇਮਾਲ ਹੁੰਦਾ ਹੈ। ਦੁਨੀਆ ਵਿਚ ਹੁਣ ਤੱਕ ਇਕ ਜਾਂ ਦੋ ਖੁਰਾਕ ਵਾਲੀ ਵੈਕਸੀਨ ਉਪਲਬਧ ਹੈ, ਪਰ ਇਸ ਭਾਰਤੀ ਵੈਕਸੀਨ ਦੀਆਂ ਇਕ ਜਾਂ ਦੋ ਨਹੀਂ ਬਲਕਿ ਤਿੰਨ ਖੁਰਾਕਾਂ ਦਿੱਤੀਆਂ ਜਾਣਗੀਆਂ । ਇੱਕ ਹੋਰ ਖ਼ਾਸ ਗੱਲ ਇਹ ਵੀ ਹੈ ਕਿ ਇਹ ਦੁਨੀਆ ਦੀ ਪਹਿਲੀ ਡੀਐਨਏ ਅਧਾਰਤ ਵੈਕਸੀਨ ਹੈ। ਇਹ ਵੈਕਸੀਨ ਸਰੀਰ ਦੀ ਪ੍ਰਤੀਰੋਧੀ ਸ਼ਕਤੀ ਨੂੰ ਵਧਾਉਣ ਲਈ ਜੈਨੇਟਿਕ ਪਦਾਰਥਾਂ ਦੀ ਵਰਤੋਂ ਕਰਦਾ ਹੈ।