ਯੂਰਪੀ ਯੂਨੀਅਨ ਦੇ ਦੇਸ਼ਾਂ ਦੀ ਯਾਤਰਾ ਲਈ ਭਾਰਤੀ ਵੈਕਸੀਨ ਨੂੰ ਮਨਜ਼ੂਰੀ ਨਹੀਂ
ਨਵੀਂ ਦਿੱਲੀ : ਰਿਪੋਰਟਾਂ ਮੁਤਾਬਕ ਜੇਕਰ ਤੁਸੀਂ ਕੋਵੀਸ਼ੀਲਡ ਲਗਵਾਈ ਹੈ ਅਤੇ ਯੂਰਪੀ ਮੁਲਕਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਨਹੀਂ ਜਾ ਸਕੋਗੇ। ਭਾਰਤ ਵਿੱਚ ਹੁਣ ਤੱਕ ਵੱਡੇ ਪੱਧਰ ਉੱਤੇ ਕੋਵੀਸ਼ੀਲਡ ਵੈਕਸੀਨ ਲਗਾਈ ਜਾ ਰਹੀ ਹੈ। ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਅਜੇ ਤੱਕ ਇਹ ਸਾਫ਼ ਨਹੀਂ ਕੀਤਾ ਹੈ ਕਿ ਉਨ੍ਹਾਂ ਮਨਜ਼ੂਰੀ ਲਈ ਅਪਲਾਈ ਕੀਤਾ ਹੈ। ਸੀਰਮ ਇੰਸਟੀਚਿਊਟ ਦੇ ਅਦਾਰ ਪੂਨਾਵਾਲਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਕੰਪਨੀ ਜਲਦੀ ਇਸ ’’ਮਸਲੇ ਨੂੰ ਸੁਲਝਾਉਣ’’ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਭਾਰਤ ਦੀ ਆਪਣੀ ਕੋ-ਵੈਕਸੀਨ ਨੂੰ ਅਜੇ ਤੱਕ ਵਿਸ਼ਵ ਸਿਹਤ ਸੰਸਥਾ ਵਲੋਂ ਮਨਜ਼ੂਰੀ ਨਹੀਂ ਮਿਲੀ ਹੈ। ਕੋ-ਵੈਕਸੀਨ ਵੱਲੋਂ ਵੀ ਅਜੇ ਤੱਕ ਮਨਜ਼ੂਰੀ ਲਈ ਅਪਲਾਈ ਨਹੀਂ ਕੀਤਾ ਗਿਆ ਹੈ। ਇਸ ਹਾਲਾਤ ਨੇ ਭਾਰਤ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਕਿਉਂਕਿ ਕੋ ਵੈਕਸੀਨ ਅਤੇ ਕੋਵੀਸ਼ੀਲਡ ਦੀਆਂ ਹੁਣ ਤੱਕ 321 ਮਿਲੀਅਨ ਡੋਜ਼ ਲੱਗ ਚੁੱਕੀਆਂ ਹਨ।
ਸਪੁਤਨਿਕ-ਵੀ ਨੂੰ ਭਾਰਤ ਵਿੱਚ ਇਸਤੇਮਾਲ ਲਈ ਤੀਜੀ ਵੈਕਸੀਨ ਵਜੋਂ ਮਾਨਤਾ ਮਿਲੀ ਹੈ ਅਤੇ ਇਹ ਵੈਕਸੀਨ ਮਨਜ਼ੂਰਸ਼ੁਦਾ ਲਿਸਟ ਵਿੱਚ ਫ਼ਿਲਹਾਲ ਰਿਵੀਊ ਹੇਠ ਹੈ ਪਰ ਅਜੇ ਤੱਕ ਇਹ ਵੈਕਸੀਨ ਭਾਰਤ ਵਿੱਚ ਸਪਲਾਈ ਵਿੱਚ ਦੇਰੀ ਕਾਰਨ ਸ਼ੁਰੂ ਨਹੀਂ ਹੋ ਸਕੀ ਹੈ। ਹਾਲ ਹੀ ਵਿੱਚ ਹੋਈ ਜੀ-7 ਮੁਲਕਾਂ ਦੀ ਮੀਟਿੰਗ ਵਿੱਚ ਭਾਰਤ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਵਿੱਚ ਭਾਰਤ ਦੇ ਸਿਹਤ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਭਾਰਤ ਉਸ ਸਮੇਂ ਵੈਕਸੀਨ ਪਾਸਪੋਰਟ ਦਾ ਸਖ਼ਤ ਵਿਰੋਧ ਕਰਦਾ ਹੈ।
ਬ੍ਰਿਟੇਨ ਦੇ ਸਮਾਨਤਾ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਹਾਲ ਹੀ ਵਿੱਚ ਕਿਹਾ ਕਿ ਕੋਵਿਡ ਸਰਟੀਫ਼ਿਕੇਟ ਪੇਸ਼ ਕਰਨਾ ਕੁਝ ਸਮੂਹਾਂ ਨਾਲ ਪੱਖਪਾਤ ਕਰੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਦੋ-ਪਧਰੀ ਸਮਾਜ ਦੀ ਸਿਰਜਣਾ ਹੋ ਜਾਵੇਗੀ ਜਿਸ ਤਹਿਤ ਸਿਰਫ਼ ਕੁਝ ਸਮੂਹ ਹੀ ਅਧਿਕਾਰਾਂ ਦਾ ਪੂਰਾ ਆਨੰਦ ਮਾਣ ਸਕਣਗੇ। ਭਾਰਤ ਵਿੱਚ ਮਿਲੇ ਕੋਰੋਨਾ ਦੇ ਨਵੇਂ ਵੇਰੀਐਂਟ ਡੇਲਟਾ ਪਲੱਸ ਕਾਰਨ ਕਈ ਮੁਲਕਾਂ ਨੇ ਪਹਿਲਾਂ ਹੀ ਭਾਰਤ ਤੋਂ ਯਾਤਰਾ ਨੂੰ ਬੈਨ ਕਰ ਦਿੱਤਾ ਹੈ ਜਾਂ ਪਾਬੰਦੀਆਂ ਲਗਾ ਦਿੱਤੀਆਂ ਹਨ।
ਲਗਭਗ ਸਾਰਾ ਯੂਰਪੀ ਸੰਘ, ਯੂਕੇ, ਅਮਰੀਕਾ, ਸਿੰਗਾਪੁਰ ਅਤੇ ਥਾਈਲੈਂਡ ਉਨ੍ਹਾਂ ਮੁਲਕਾਂ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਯਾਤਰੀਆਂ ਅਤੇ ਗ਼ੈਰ-ਪਰਵਾਸੀਆਂ ਨੂੰ ਭਾਰਤ ਤੋਂ ਆਉਣ ’ਤੇ ਰੋਕ ਲਗਾ ਦਿੱਤੀ ਹੈ। ਕੈਨੇਡਾ ਨੇ ਭਾਰਤ ਤੋਂ ਹਵਾਈ ਯਾਤਰਾ ਲਈ ਫ਼ਿਲਹਾਲ 21 ਜੁਲਾਈ ਤੱਕ ਰੋਕ ਲਗਾ ਦਿੱਤੀ ਹੈ। ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਭਾਰਤ ਤੋਂ ਯਾਤਰਾ ਉੱਤੇ ਰੋਕ ਲਗਾ ਦਿੱਤੀ ਹੈ।