ਕੈਨਬਰਾ : ਸਿਡਨੀ ਤੋਂ ਇੱਕ ਕੋਰੋਨਾ ਪਾਜ਼ੇਟਿਵ ਸ਼ਖ਼ਸ ਦੇ ਕੈਨਬਰਾ ਵਿਚਲੀਆਂ ਕਈ ਥਾਂਵਾਂ ’ਤੇ ਸ਼ਿਰਕਤ ਕਰਨ ਸਬੰਧੀ ਖੁਲਾਸੇ ਹੋਣ ’ਤੇ ਹੁਣ ਏ.ਸੀ.ਟੀ. ਦੇ ਸਿਹਤ ਅਧਿਕਾਰੀ ਪੂਰੀ ਤਰ੍ਹਾਂ ਚੌਕੰਨੇ ਹੋ ਗਏ ਹਨ ਅਤੇ ਲੋਕਾਂ ਨੂੰ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ। ਇਹ ਚਾਲੀ ਸਾਲਾ ਕੋਰੋਨਾ ਪਾਜ਼ੇਟਿਵ ਵਿਅਕਤੀ, ਜੋ ਕਿ ਸਿਡਨੀ ਤੋਂ ਬੀਤੇ ਸੋਮਵਾਰ ਨੂੰ ਕੈਨਬਰਾ ਆਇਆ ਸੀ, ਬੋਟੀਕੈਲੀ ਤੋਂ ਵੈਨ ਗੋਗ ਪ੍ਰਦਰਸ਼ਨੀ ਦੇਖਣ (ਦੁਪਹਿਰ 12 ਤੋਂ 1:45 ਤੱਕ) ਗਿਆ ਸੀ ਜੋ ਕਿ ਆਸਟ੍ਰੇਲੀਆ ਦੀ ਨੈਸ਼ਨਲ ਗੈਲਰੀ ਵਿਚ ਕਰਵਾਈ ਗਈ ਸੀ। ਇਸ ਤੋਂ ਬਾਅਦ ਉਕਤ ਵਿਅਕਤੀ ਸਿਵਿਕ ਵਿਚ ਵਿਆ ਡੋਲਸੇ ਵਿਖੇ (2:45 ਤੋਂ 3:15 ਤੱਕ) ਖਾਣਾ ਖਾਣ ਗਿਆ ਸੀ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਉਕਤ ਥਾਂਵਾਂ ਉਪਰ, ਦਿਤੀ ਗਈ ਸਮਾਂ ਸਾਰਣੀ ਮੁਤਾਬਿਕ ਜੇਕਰ ਕੋਈ ਵਿਅਕਤੀ ਗਿਆ ਹੋਵੇ ਤਾਂ ਤੁਰਤ ਅਪਣੇ ਆਪ ਨੂੰ ਆਈਸੋਲੇਟ ਕਰੇ ਅਤੇ ਕੋਰੋਨਾ ਟੈਸਟ ਕਰਵਾ ਕੇ ਆਨਲਾਈਨ ਅਪਣਾ ਡੈਕਲੇਰੇਸ਼ਨ ਫਾਰਮ ਭਰੇ। ਇਥੇ ਦਸ ਦਈਏ ਕਿ ਬੀਤੇ ਦਿਨੀ ਮਹਾਰਾਣੀ ਦੇ ਜਨਮ ਦਿਨ ਸਬੰਧੀ ਛੁੱਟੀਆਂ ਦੌਰਾਨ ਇਹ ਵਿਅਕਤੀ ਇਥੇ ਆਇਆ ਸੀ।