ਕਰਤਾਰਪੁਰ : ਸਥਾਨਕ ਰਾਸ਼ਟਰੀ ਮੁੱਖ ਰਾਜਮਾਰਗ ਨੰ. 1 'ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਇਕ ਕਾਰ ਸਵਾਰ ਔਰਤ ਅਤੇ ਉਸ ਦੇ ਪੁੱਤਰ (10 ਸਾਲ)ਦੀ ਮੌਕੇ 'ਤੇ ਮੌਤ ਹੋ ਗਈ ਜਦਕਿ ਪਿਛੇ ਬੈਠੀ ਬੱਚੀ (8 ਸਾਲ) ਦੀ ਲੱਤ ਟੁੱਟ ਗਈ, ਜੋ ਕਿ ਗੰਭੀਰ ਜ਼ਖਮੀ ਹੈ। ਮ੍ਰਿਤਕਾਂ ਦੀ ਪਹਿਚਾਣ ਸੂਰਿਆ ਇੰਨਕਲੇਵ ਜਲੰਧਰ ਨਿਵਾਸੀ ਅਮਨਦੀਪ (ਉਮਰ ਕਰੀਬ 40 ਸਾਲ) ਪਤਨੀ ਨਵਨੀਤ ਕੁਮਾਰ ਆਪਣੇ ਪੁੱਤਰ ਤੇਜਸ ਅਤੇ ਧੀ ਸੀਰਤ ਨਾਲ ਜਲੰਧਰ ਤੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ। ਉਨ੍ਹਾਂ ਦੀ ਕਾਰ ਕਰਤਾਰਪੁਰ-ਦਿਆਲਪੁਰ ਵਿਚਕਾਰ ਸਬ ਵੇਅ ਤੋਂ ਕਰੀਬ 50 ਮੀਟਰ ਪਿਛੇ ਸੜਕ ਕੰਡੇ ਖੜ੍ਹੇ ਇਕ ਵੱਡੇ ਟਰੱਕ ਦੇ ਪਿਛੇ ਵੱਜੀ, ਜਿਸ ਨਾਲ ਕਾਰ ਚਲਾ ਰਹੀ ਅਮਨਦੀਪ ਕੌਰ ਅਤੇ ਉਸਦੇ ਪੁੱਤਰ ਤੇਜਸ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਪਿਛੇ ਬੈਠੀ ਧੀ ਵੀ ਜ਼ਖਮੀ ਹੋ ਗਈ।ਜ਼ਖ਼ਮੀ ਬੇਟੀ ਨੂੰ ਜਲੰਧਰ ਦੇ ਕਿਸੇ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮੌਕੇ 'ਤੇ ਡਿਊਟੀ ਅਫਸਰ ASI ਕੁਲਬੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਪੁਲਸ ਮੌਕੇ 'ਤੇ ਪੁੱਜ ਗਈ ਅਤੇ ਜ਼ਖਮੀਆਂ ਨੂੰ ਗੱਡੀ ਵਿਚੋਂ ਕੱਢ 'ਤੇ ਹਸਪਤਾਲ ਪਹੁੰਚਾਇਆ ਜਿਥੇ 'ਤੇ ਤਾਇਨਾਤ ਡਾਕਟਰਾਂ ਨੇ ਮਾਂ-ਪੁੱਤਰ ਦੀ ਮੌਤ ਦੀ ਪੁਸ਼ਟੀ ਕੀਤੀ ਅਤੇ ਜ਼ਖ਼ਮੀ ਲੜਕੀ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ।