ਬੀਜਿੰਗ : ਗਲੋਬਲ ਮਹਾਮਾਰੀ ਕੋਰੋਨਾ ਦਾ ਖ਼ਤਰਾ ਹਾਲੇ ਟਲਿਆ ਨਹੀਂ ਹੈ। ਇਸ ਲਈ ਸ਼ਹਿਰ ਗਵਾਂਗਝੂ ਵਿਚ ਸੰਕਰਮਣ ਦੇ ਮਾਮਲੇ ਵਧਦੇ ਦੇਖਦੇ ਹੋਏ ਚੀਨ ਨੇ ਇਸ ਸ਼ਹਿਰ ਵਿਚ ਨਿਗਰਾਨੀ ਲਈ ਡਰੋਨ ਤਾਇਨਾਤ ਕਰ ਦਿੱਤੇ ਹਨ। ਗਵਾਂਗਝੂ ਵਿਚ ਹੁਣ ਲੋਕ ਬਿਨਾਂ ਮਾਸਕ ਦੇ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਸ ਲਈ 60 ਡਰੋਨ ਤਾਇਨਾਤ ਕੀਤੇ ਗਏ ਹਨ। ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਕਿਹਾ ਗਿਆ ਹੈ। ਹਾਲਾਂਕਿ, ਚੀਨ ਨੇ ਕਾਫ਼ੀ ਹੱਦ ਤੱਕ ਮਹਾਮਾਰੀ 'ਤੇ ਕਾਬੂ ਪਾ ਲਿਆ ਹੈ ਪਰ ਗਵਾਂਗਝੂ ਵਿਚ ਕੋਰੋਨਾ ਵਾਇਰਸ ਦੇ ਜ਼ਿਆਦਾ ਸੰਕ੍ਰਾਮਕ ਰੂਪ ਦੇ ਮਾਮਲੇ ਵਧਦੇ ਦਿਖਾਏ ਦਿੱਤੇ ਹਨ। ਗਵਾਂਗਝੂ ਵਿਚ ਪਿਛਲੇ 24 ਘੰਟੇ ਵਿਚ 6 ਨਵੇਂ ਮਾਮਲੇ ਆਏ ਹਨ, ਜਿਸ ਨਾਲ ਸੰਕਰਮਣ ਦੇ ਨਵੇਂ ਰੂਪ ਨਾਲ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 100 ਤੋਂ ਪਾਰ ਹੋ ਗਈ ਹੈ। ਹੁਣ ਸ਼ਹਿਰ ਵਿਚ ਕੈਮਰਿਆਂ ਨਾਲ ਲੈੱਸ ਡਰੋਨ ਘੁੰਮ ਰਹੇ ਹਨ, ਜੋ ਲੋਕਾਂ ਨੂੰ ਗੈਰ-ਜ਼ਰੂਰੀ ਅਤੇ ਮਾਸਕ ਬਿਨਾਂ ਘਰੋਂ ਬਾਹਰ ਨਾ ਨਿਕਲਣ ਦਾ ਸੁਨੇਹਾ ਦੇ ਰਹੇ ਹਨ। ਸ਼ਹਿਰ ਵਿਚ ਡਰੋਨ ਤੋਂ ਇਲਾਵਾ ਫੋਨ 'ਤੇ ਸਿਹਤ ਦੀ ਜਾਣਕਾਰੀ ਲੈਣ ਅਤੇ ਸੰਕਰਮਣ ਦੇ ਜ਼ਿਆਦਾ ਸ਼ੱਕ ਵਾਲੇ ਖੇਤਰਾਂ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਵੀ ਇਕਾਂਤਵਾਸ ਕੀਤਾ ਜਾ ਰਿਹਾ ਹੈ। ਗਵਾਂਗਝੂ ਨੇ ਕਈ ਸ਼ਹਿਰਾਂ ਲਈ ਸਰਹੱਦਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਇਸ ਦੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਸੂਬੇ ਤੋਂ ਬਾਹਰ ਜਾਣ ਦੀ ਮਨਾਹੀ ਹੈ। ਸਿਨੇਮਾ ਤੇ ਹੋਰ ਮਨੋਰੰਜਨ ਸਥਾਨ ਵੀ ਬੰਦ ਕਰ ਦਿੱਤੇ ਗਏ ਹਨ।