ਵਿਦਿਆਰਥੀਆਂ ਨੂੰ ਲੁਭਾਉਣ ਲਈ ‘ਸੈਕਸੁਅਲ ਵਿਗਿਆਪਨਾਂ’ ਦੀ ਕੀਤੀ ਵਰਤੋਂ
ਦੇਸ਼ ਹੋਇਆ ਵਿਰੋਧ
ਪੇਈਚਿੰਗ : ਇਕ ਚੀਨੀ ਯੂਨੀਵਰਸਟੀ ਨੇ ਉਦੋਂ ਹੱਦ ਕਰ ਸੁੱਟੀ ਜਦੋਂ ਉਸ ਨੇ ਦਾਖ਼ਲਾ ਵਧਾਉਣ ਲਈ ਲੜਕੀਆਂ ਦੇ ਇਤਰਾਜ਼ਯੋਗ ਪੋਸਟਰ ਜਾਰੀ ਕਰ ਦਿਤੇ। ਇਨ੍ਹਾਂ ਪੋਸਟਰਾਂ ਉਪਰ ਲੜਕੀਆਂ ਵਲੋਂ ਲੜਕਿਆਂ ਨੂੰ ਲੁਭਾਉਣ ਲਈ ਅਜੀਬ ਅੱਖਰ ਵਰਤੋਂ ਵਿਚ ਲਿਆਂਦੇ ਗਏ ਹਨ, ਜਿਸ ਦਾ ਹੁਣ ਚੀਨ ਵਿਚ ਹੀ ਵਿਰੋਧ ਹੋ ਰਿਹਾ ਹੈ। ਦਰਅਸਲ ਚੀਨ ਦੀ ਇਕ ਯੂਨੀਵਰਸਟੀ ਆਨਲਾਈਨ ਸੈਕਸੁਅਲ ਵਿਗਿਆਪਨਾਂ ’ਚ ਔਰਤਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਲੁਭਾਉਣ ਲਈ ਕਰ ਰਹੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ ’ਚ ਇਸ ਸੈਕਸੁਅਲ ਵਿਗਿਆਪਨਾਂ ਸਬੰਧੀ ਰੌਲਾ ਪੈ ਗਿਆ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਇਹ ਯੂਨੀਵਰਸਟੀ ਔਰਤਾਂ ਦਾ ਇਤਰਾਜ਼ਯੋਗ ਇਸਤੇਮਾਲ ਅਪਣੇ ਸਕੂਲਾਂ ’ਚ ਬੱਚਿਆਂ ਨੂੰ ਦਾਖ਼ਲਾ ਦਿਵਾਉਣ ਲਈ ਕਰ ਰਹੀ ਹੈ।
ਨਾਨਜਿੰਗ ਯੂਨੀਵਰਸਟੀ ਨੇ ਚੀਨ ਦੇ ਨੈਸ਼ਨਲ ਕਾਲਜ ਐਂਟਰੈਂਸ ਟੈਸਟ ‘ਗਾਓਕਾਓ ਪ੍ਰੀਖਿਆ’ ਦੇ ਪਹਿਲੇ ਦਿਨ ਵੀਬੋ ’ਤੇ ਇਸ ਅਸ਼ਲੀਲ ਵਿਗਿਆਪਨ ਨੂੰ ਪੋਸਟ ਕੀਤਾ। ਵਿਗਿਆਪਨ ’ਚ ਕੈਂਪਸ ਦੇ ਵੱਖ-ਵੱਖ ਹਿੱਸਿਆਂ ਦੇ ਸਾਹਮਣੇ ਮੌਜੂਦਾ ਵਿਦਿਆਰਥੀਆਂ ਦੀਆਂ 6 ਫ਼ੋਟੋਆਂ ਦਿਖਾਈਆਂ ਗਈਆਂ। ਇਸ ਵਿਚ ਦੂਜੇ ਵਿਦਿਆਰਥੀਆਂ ਨੂੰ ਆਕਰਸ਼ਤ ਕਰਨ ਲਈ ਇਨ੍ਹਾਂ ਦੇ ਹੱਥਾਂ ਵਿਚ ਬੈਨਰਸ ਫੜਾਏ ਗਏ ਸਨ, ਜਿਸ ਵਿਚ ਵਿਦਿਆਰਥੀਆਂ ਨੂੰ ਲੁਭਾਉਣ ਲਈ ਕਈ ਤਰ੍ਹਾਂ ਦੇ ਸਲੋਗਨ ਲਿਖੇ ਹੋਏ ਸਨ।
ਇਨ੍ਹਾਂ ਵਿਚੋਂ 2 ਫ਼ੋਟੋਆਂ ਦੀ ਸੱਭ ਤੋਂ ਜ਼ਿਆਦਾ ਆਲੋਚਨਾ ਹੋ ਰਹੀ ਹੈ, ਜਿਨ੍ਹਾਂ ਵਿਚ ਇਕ ਸੁੰਦਰ ਔਰਤ ਹੱਥ ’ਚ ਇਕ ਪੋਸਟਰ ਫੜੀ ਖੜੀ ਹੈ। ਇਸ ਪੋਸਟਰ ’ਚ ਲਿਖਿਆ ਹੈ ਕਿ ਕੀ ਤੁਸੀਂ ਮੇਰੇ ਨਾਲ ਲਾਇਬ੍ਰੇਰੀ ’ਚ ਸਵੇਰ ਤੋਂ ਰਾਤ ਤਕ ਰਹਿਣਾ ਚਾਹੁੰਦੇ ਹੋ? ਉਥੇ, ਦੂਸਰੀ ਔਰਤ ਦੇ ਹੱਥ ’ਚ ਫੜੇ ਪੋਸਟਰ ’ਤੇ ਲਿਖਿਆ ਹੈ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੀ ਜਵਾਨੀ ਦਾ ਹਿੱਸਾ ਬਣ ਜਾਵਾਂ? ਔਰਤਾਂ ਦਾ ਇਸਤੇਮਾਲ ਅਜਿਹੇ ਵਿਗਿਆਪਨਾਂ ’ਚ ਕਰਨ ਦਾ ਬਹੁਤ ਵਿਰੋਧ ਹੋ ਰਿਹਾ ਹੈ। ਹਾਲਾਂਕਿ, ਮਰਦ ਜਿਨ੍ਹਾਂ ਬੈਨਰਸ ਨਾਲ ਹਨ ਉਨ੍ਹਾਂ ’ਤੇ ਕੋਈ ਅਸ਼ਲੀਲ ਗੱਲ ਨਹੀਂ ਲਿਖੀ ਹੋਈ ਸੀ। ਵੱਡੀ ਗਿਣਤੀ ’ਚ ਲੋਕ ਨਾਨਜਿੰਗ ਯੂਨੀਵਰਸਟੀ ਨੂੰ ਅਜਿਹੇ ਵਿਗਿਆਪਨਾਂ ਲਈ ਮੁਆਫ਼ੀ ਮੰਗਣ ਲਈ ਕਹਿ ਰਹੇ ਹਨ। ਵਿਰੋਧ ਨੂੰ ਦੇਖਦਿਆਂ ਯੂਨੀਵਰਸਟੀ ਨੇ ਇਨ੍ਹਾਂ ਵਿਗਿਆਪਨਾਂ ਨੂੰ ਹਟਾ ਲਿਆ ਹੈ।