ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਸ਼ਹਿਰ ਦੁਬਈ ਵਿਚ ਮਸਜਿਦਾਂ ਨੂੰ ਔਰਤਾਂ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਬੀਤੇ ਇਕ ਸਾਲ ਤੋਂ ਮਸਜਿਦਾਂ ਵਿਚ ਔਰਤਾਂ ਦੇ ਜਾਣ 'ਤੇ ਰੋਕ ਲੱਗੀ ਹੋਈ ਸੀ। ਅਧਿਕਾਰਤ ਤੌਰ 'ਤੇ ਦੁਬਈ ਵਿਚ ਮਸਜਿਦਾਂ ਦੇ ਇਮਾਮਾਂ ਨੂੰ ਇਕ ਸਰਕੁਲਰ ਜ਼ਰੀਏ ਇਹ ਜਾਣਕਾਰੀ ਦਿੱਤੀ ਗਈ ਹੈ। ਦੁਬਈ ਵਿਚ ਔਰਤਾਂ ਨੇ ਮਸਜਿਦਾਂ ਨੂੰ ਸੋਮਵਾਰ ਤੋਂ ਮੁੜ ਖੋਲ੍ਹੇ ਜਾਣ ਦਾ ਸਵਾਗਤ ਕੀਤਾ ਹੈ।
ਇਹ ਸਰਕੁਲਰ ਦੁਬਈ ਦੇ ਇਸਲਾਮਿਕ ਅਫੇਅਰਜ਼ ਐਂਡ ਚੈਰੀਟੇਬਲ ਐਕਟੀਵਿਟੀਜ਼ ਡਿਪਾਰਟਮੈਂਟ (IACAD) ਵੱਲੋਂ ਜਾਰੀ ਕੀਤਾ ਗਿਆ ਹੈ। ਇਸ ਸਰਕੁਲਰ ਨੂੰ 'ਰੀਓਪਨਿੰਗ ਆਫ ਲੇਡੀਜ਼ ਪ੍ਰੇਅਰ ਹਾਲਜ਼ ਇਨ ਆਲ ਦੀ ਮਸਜਿਦਸ ਆਫ ਦੀ ਐਮੀਰੇਟ ਆਫ ਦੁਬਈ' ਸਿਰਲੇਖ ਨਾਲ ਜਾਰੀ ਕੀਤਾ ਗਿਆ ਹੈ। ਸਰਕੁਲਰ ਵਿਚ ਕਿਹਾ ਗਿਆ ਹੈ ਕਿ ਮਸਜਿਦਾਂ ਵਿਚ ਕੰਮ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਦੁਬਈ ਅਮੀਰਾਤ ਵਿਚ ਲੇਡੀਜ਼ ਪ੍ਰੇਅਰ ਹਾਲਜ਼ ਨੂੰ 7 ਜੂਨ, 2021 ਨੂੰ ਅਸਰ ਦੀ ਨਮਾਜ਼ ਤੋਂ ਔਰਤਾਂ ਲਈ ਖੋਲ੍ਹ ਦੇਵੇ। ਸਰਕੁਲਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪ੍ਰੇਅਰ ਹਾਲ ਵਿਚ ਜਿਹੜੇ ਸਖ਼ਤ ਸਾਵਧਾਨੀ ਭਰਪੂਰ ਕਦਮ ਪੁਰਸ਼ਾਂ ਲਈ ਹਨ ਉੱਥੇ ਔਰਤਾਂ ਦੇ ਸੈਕਸ਼ਨ ਲਈ ਵੀ ਰਹਿਣਗੇ। ਸਾਰਿਆਂ ਲਈ ਮਾਸਕ ਲਾਜ਼ਮੀ ਹੋਵੇਗਾ। ਇਸ ਦੇ ਇਲਾਵਾ ਨਮਾਜ਼ ਪੜ੍ਹਨ ਲਈ ਖੁਦ ਦਾ ਹੀ ਕੱਪੜਾ (ਚਾਦਰ) ਲਿਆਉਣਾ ਹੋਵੇਗੀ।
ਇੱਥੇ ਦੱਸ ਦਈਏ ਕਿ ਔਰਤਾਂ ਲਈ ਦੁਬਈ ਵਿਚ ਪ੍ਰੇਅਰ ਹਾਲਜ਼ ਪਿਛਲੇ ਸਾਲ ਮਾਰਚ ਤੋਂ ਬੰਦ ਸਨ। ਉਦੋਂ ਕੋਵਿਡ-19 ਮਾਮਲੇ ਵੱਧਣ ਕਾਰਨ ਇਬਾਦਤ ਦੀਆਂ ਥਾਵਾਂ 'ਤੇ ਪੁਰਸ਼ਾਂ ਅਤੇ ਔਰਤਾਂ ਸਾਰਿਆਂ ਦਾ ਜਨਤਕ ਤੌਰ 'ਤੇ ਇਕੱਠਾ ਹੋਣਾ ਮੁਅੱਤਲ ਕਰ ਦਿੱਤਾ ਗਿਆ ਸੀ। ਭਾਵੇਂਕਿ ਪੁਰਸ਼ਾਂ ਲਈ ਪਿਛਲੇ ਸਾਲ ਜੁਲਾਈ ਵਿਚ ਮਸਜਿਦਾਂ ਨੂੰ ਲੜੀਬੱਧ ਢੰਗ ਨਾਲ ਸੀਮਤ ਗਿਣਤੀ ਨਾਲ ਖੋਲ੍ਹਣਾ ਸ਼ੁਰੂ ਕੀਤਾ ਗਿਆ ਸੀ। ਦਸੰਬਰ ਵਿਚ ਪੁਰਸ਼ਾਂ ਨੂੰ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਪਰ ਔਰਤਾਂ ਲਈ ਇਹ ਰੋਕ ਹੁਣ ਤੱਕ ਜਾਰੀ ਸੀ।ਇਸ ਦੇ ਪਿੱਛੇ ਦੇ ਕਾਰਨ ਇਹੀ ਦੱਸਿਆ ਗਿਆ ਸੀ ਕਿ ਇਕ ਜਗ੍ਹਾ 'ਤੇ ਲੋਕ ਜਿਆਦਾ ਇਕੱਠੇ ਨਾ ਹੋਣ।