ਗੁਰੂਗ੍ਰਾਮ : ਦੋ ਕੁ ਦਿਨ ਪਹਿਲਾਂ ਹੀ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਕੋਰੋਨ ਰਿਪੋਰਟ ਪਾਜ਼ੇਟਿਵ ਆਈ ਸੀ ਏਸੇ ਲਈ ਉਸ ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਪਰ ਹੁਣ ਗੱਲ ਹੋਰ ਹੀ ਸਾਹਮਣੇ ਆਈ ਹੈ ਕਿ ਡੇਰਾ ਸੱਚਾ ਸੌਦਾ ਮੁਖੀ ਨੂੰ ਢਿੱਡ ਵਿਚ ਦਰਦ ਹੈ, ਇਸੇ ਲਈ ਹੁਣ ਹਨੀਪ੍ਰੀਤ ਦਾ ਜੋ ਹਸਪਤਾਲ ਦਾ ਪਾਸ ਬਣਿਆ ਸੀ ਉਹ ਵੀ ਰੱਦ ਕਰ ਦਿਤਾ ਗਿਆ ਹੈ। ਮਿਲੀ ਖ਼ਬਰ ਮੁਤਾਬਕ ਡੇਰਾ ਮੁਖੀ ਦਾ ਇਲਾਜ ਗੈਸਟ੍ਰੋਏਂਟਰੋਲਾਜੀ ਦੇ ਵਿਸ਼ੇਸ਼ ਡਾ. ਏਐੱਸ ਪੁਰੀ ਦੀ ਦੇਖ-ਰੇਖ ਵਿਚ ਚੱਲ ਰਿਹਾ ਹੈ। ਪੇਟ ਵਿਚ ਦਰਦ ਕਾਰਨ ਉਨ੍ਹਾਂ ਨੂੰ ਇਥੇ ਭਰਤੀ ਕਰਵਾਇਆ ਗਿਆ ਸੀ। ਜਬਰ ਜਨਾਹ ਤੇ ਹੱਤਿਆ ਦੇ ਦੋਸ਼ ਵਿਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਨੂੰ ਐਤਵਾਰ ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਤੇ ਕੋਰੋਨਾ ਇਨਫੈਕਟਿਡ ਦੱਸਿਆ ਜਾ ਰਿਹਾ ਸੀ, ਪਰ ਸੋਮਵਾਰ ਨੂੰ ਉਸਦੀ ਰਿਪੋਰਟ ਨੈਗੇਟਿਵ ਦੱਸੀ ਗਈ ਸੀ। ਇਹ ਗੱਲ ਵੀ ਸਾਹਮਣੇ ਆਈ ਕਿ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਦੇ ਇਤਰਾਜ਼ ’ਤੇ ਗੁਰਮੀਤ ਦੀ ਦੇਖ-ਰੇਖ ਕਰਨ ਲਈ ਹਨੀਪ੍ਰੀਤ ਦਾ ਹਸਪਤਾਲ ਪ੍ਰਸ਼ਾਸਨ ਦੁਆਰਾ ਅਟੈਂਡੈਂਟ ਪਾਸ ਰੱਦ ਕਰ ਦਿੱਤਾ ਗਿਆ ਹੈ।