ਕਪੂਰਥਲਾ: ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਕਾਂਗਰਸ ਵਿਚ ਵਾਪਸੀ ਤੋਂ ਬਾਅਦ ਖਹਿਰਾ ਦੇ ਹਲਕਾ ਭੁਲੱਥ ਵਿਚ ਇਤਰਾਜ਼ਯੋਗ ਪੋਸਟਰ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾ ਪੋਸਟਰਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਰਾਜਗੱਦੀ 'ਤੇ ਬੈਠੇ ਦਿਖਾਇਆ ਗਿਆ ਹੈ। ਪੋਸਟਰ ਵਿਚ ਇਤਰਾਜ਼ਯੋਗ ਭਾਸ਼ਾ ਵਰਤੀ ਗਈ ਹੈ। ਇਨ੍ਹਾਂ ਪੋਸਟਰਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਦਾ ਜ਼ਿਕਰ ਵੀ ਸ਼ਾਮਲ ਹੈ। ਦੱਸ ਦੇਈਏ ਕਿ ਇਹ ਪੋਸਟਰ ਹਲਕਾ ਭੁਲੱਥ ਤੇ ਨਡਾਲਾ ਸਮੇਤ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਹਨ। ਬਾਅਦ ਵਿੱਚ ਖਹਿਰਾ ਸਮਰਥਕਾਂ ਵੱਲੋਂ ਇਨ੍ਹਾਂ ਪੋਸਟਰਾਂ ਨੂੰ ਉਤਾਰ ਦਿੱਤਾ। ਵੱਡੀ ਗੱਲ ਇਹ ਹੈ ਕਿ ਇਨ੍ਹਾਂ ਪੋਸਟਰਾਂ ਨੂੰ ਲਗਾਉਣ ਵਾਲਿਆਂ ਬਾਰੇ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਪੋਸਟਰ ਲਗਾਉਣ ਦੀ ਜ਼ਿੰਮੇਵਾਰੀ ਕਿਸੇ ਵੱਲੋਂ ਲਈ ਗਈ ਹੈ।