ਮੋਗਾ : ਮੋਗਾ ਵਿਖੇ ਕਿਰਾਏ ਦੇ ਮਕਾਨ ਨੂੰ ਖ਼ਾਲੀ ਕਰਾਉਣ ਨੂੰ ਲੈ ਕੇ ਕਾਰ ਵਿੱਚ ਸਵਾਰ ਹੋ ਕੇ ਲਗਭਗ 40-50 ਦੇ ਕਰੀਬ ਲੋਕਾਂ ਨੇ ਇੱਕ ਕੋਠੀ ’ਤੇ ਹਮਲਾ ਬੋਲ ਦਿੱਤਾ। ਮਕਾਨ ਵਿੱਚ ਖੂਬ ਤੋੜ-ਫੋੜ ਕੀਤੀ ਅਤੇ ਗੇਟ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਕਿਰਾਏਦਾਰ ’ਤੇ ਫਾਇਰਿੰਗ ਕਰ ਦਿੱਤੀ। ਗੋਲੀ ਕਿਰਾਏਦਾਰ ਦੇ ਪੈਰ ਵਿੱਚ ਲੱਗੀ। ਹਮਲਾਵਰਾਂ ਨੇ ਕਿਰਾਏਦਾਰ ਦੀ ਧੀ ਨਾਲ ਗਲਤ ਵਤੀਰਾ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਰੌਲਾ ਪੈਣ ’ਤੇ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਜ਼ਖਮੀਆਂ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਸਬੂਤਾਂ ਨੂੰ ਮਿਟਾਉਣ ਲਈ ਘਰ ਵਿਚ ਲੱਗੇ ਸੀਸੀਟੀਵੀ ਦੇ ਡੀਵੀਆਰ ਨੂੰ ਵੀ ਤੋੜ ਦਿੱਤਾ ਅਤੇ ਨਾਲ ਹੀ ਇਸ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਇਹ ਘਟਨਾ ਸ਼ਨੀਵਾਰ ਦੁਪਹਿਰ ਦੀ ਹੈ ਜੋ ਕਿ ਅੰਮ੍ਰਿਤਸਰ ਰੋਡ ’ਤੇ ਸੰਤ ਨਗਰ ਦੀ ਗਲੀ ਨੰਬਰ 11 ਵਿੱਚ ਵਾਪਰੀ। ਜ਼ਖਮੀ ਸੁਰਿੰਦਰ ਪਾਲ ਸਿੰਘ ਪੁੱਤਰ ਮੋਤੀਰਾਮ ਨੇ ਦੱਸਿਆ ਕਿ ਐਨਆਰਆਈ ਅਮਰਜੀਤ ਕੌਰ ਨਿਵਾਸੀ ਦੱਤ ਰੋਡ ਦੇ ਮਕਾਨ ਵਿੱਚ 2015 ਤੋਂ ਕਿਰਾਏ ’ਤੇ ਰਹਿ ਰਿਹਾ ਸੀ। ਅਮਰਜੀਤ ਕੌਰ ਖ਼ੁਦ ਜਰਮਨੀ ਵਿਚ ਰਹਿ ਰਹੀ ਸੀ, ਉਸ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਅਮਰਜੀਤ ਕੌਰ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਜਸਵਿੰਦਰ ਸਿੰਘ ਉਸ ’ਤੇ ਘਰ ਖਾਲੀ ਕਰਨ ਲਈ ਦਬਾਅ ਪਾਇਆ। ਜ਼ਖਮੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਉਹ ਜਗ੍ਹਾ ਲੈ ਲਈ ਸੀ, ਮਕਾਨ ਬਣਵਾਉਣ ਲਈ ਉਹ ਖਾਲੀ ਕਰਨ ਲਈ ਕਹਿ ਰਿਹਾ ਸੀ। ਪਰ ਕੋਰੋਨਾ ਕਾਲ ਕਰਕੇ ਉਹ ਮਕਾਨ ਬਣਵਾ ਨਹੀਂ ਪਾ ਰਿਹਾ ਸੀ ਉਸ ਨੇ ਜਸਵਿੰਦਰ ਨੂੰ ਬੇਨਤੀ ਕੀਤੀ ਕਿ ਮਕਾਨ ਬਣਵਾਉਣ ਵੇਲੇ ਉਹ ਖਾਲੀ ਕਰ ਦੇਵੇਗਾ।