Friday, November 22, 2024
 

ਪੰਜਾਬ

ਗੁਲਾਮੀ ਨਹੀਂ ਨਹੀਂ ਝੱਲ ਸਕਦਾ ਕਹਿ ਕੇ ਫ਼ੌਜੀ ਵਲੋਂ ਖ਼ੁਦਕੁਸ਼ੀ

May 31, 2021 08:21 PM

ਜੋਗਾ : ਰਾਜਸਥਾਨ ਪੁਲਿਸ ਨੇ ਤਿੰਨ ਫੌਜੀ ਅਧਿਕਾਰੀਆਂ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦਰਅਸਲ ਫ਼ੌਜ ’ਚ ਅਫਸਰਾਂ ਤੋਂ ਤੰਗ ਆ ਕੇ ਜ਼ਿਲ੍ਹਾ ਮਾਨਸਾ ਦੇ ਪਿੰਡ ਬੁਰਜ ਹਰੀ ਵਾਸੀ ਪ੍ਰਭਦਿਆਲ ਸਿੰਘ (24) ਪੁੱਤਰ ਗੁਰਸੇਵਕ ਸਿੰਘ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ ਸੀ। ਇਸ ਫੌਜੀ ਨੌਜਵਾਨ ਨੇ ਖ਼ੁਦਕੁਸ਼ੀ ਤੋਂ ਪਹਿਲਾਂ ਆਪਣੀ ਮਾਤਾ ਨੂੰ ਆਡੀਓ ਭੇਜੀ ਸੀ ਕਿ ਉਹ ਫੌਜ ਵਿਚ ਕੁਝ ਅਧਿਕਾਰੀਆਂ ਤੋਂ ਬੜਾ ਪ੍ਰੇਸ਼ਾਨ ਚੱਲਦਾ ਆ ਰਿਹਾ ਹੈ, ਜਿਸ ਕਰ ਕੇ ਹੁਣ ਉਹ ਉਨ੍ਹਾਂ ਦੀ ਹੋਰ ਗੁਲਾਮੀ ਨਹੀਂ ਝੱਲ ਸਕਦਾ। ਮੈਂ ਇਸ ਸੰਸਾਰ ਨੂੰ ਅਲਵਿਦਾ ਕਹਿ ਰਿਹਾ ਹਾਂ, ਕਿਰਪਾ ਕਰ ਕੇ ਮੈਨੂੰ ਮੁਆਫ਼ ਕਰ ਦੇਣਾ। ਇਸ ਨੌਜਵਾਨ ਨੇ 24 ਮਈ ਨੂੰ 62 ਇੰਜੀਨੀਅਰ ਰੈਜੀਮੈਂਟ ਦੇ ਇਕ ਸਿਪਾਹੀ ਨੇ 815 ਸੀਈਟੀਸੀ ਸੂਰਤਗੜ੍ਹ ਵਿਖੇ ਆਪਣੀ ਡਿਊਟੀ ਦੌਰਾਨ ਆਪਣੀ ਵੀ ਪੱਗ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ ਸੀ, ਜਿਸ ਤੋਂ ਬਾਅਦ ਮਾਪਿਆਂ ਵੱਲੋਂ ਉਸ ਦੀ ਖ਼ੁਦਕੁਸ਼ੀ ਨੂੰ ਲੈ ਕੇ ਸਵਾਲ ਉਠਾਏ ਗਏ ਸਨ।
ਫ਼ੌਜੀ ਨੌਜਵਾਨ ਪ੍ਰਭਦਿਆਲ ਸਿੰਘ ਦਾਦਾ ਭਾਕਿਯੂ ਏਕਤਾ ਉਗਰਾਹਾਂ ਜ਼ਿਲ੍ਹਾ ਮਾਨਸਾ ਨਾਲ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪੋਤੇ ਨੂੰ ਕੁਝ ਅਧਿਕਾਰੀ ਲੰਮੇਂ ਸਮੇਂ ਤੋਂ ਪ੍ਰੇਸ਼ਾਨ ਕਰਦੇ ਆ ਰਹੇ ਸਨ। ਦੱਸਿਆ ਗਿਆ ਹੈ ਕਿ ਪ੍ਰਭਦਿਆਲ ਸਿੰਘ ਵੱਲੋਂ ਯੂਨਿਟ ਦੇ ਅਧਿਕਾਰੀਆਂ ਨਾਲ ਕੀਤੀ ਗੱਲਬਾਤ ਵੀ ਵਾਈਰਲ ਹੋ ਗਈ ਸੀ, ਜੋ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ। ਕਿਸਾਨ ਆਗੂ ਮਹਿੰਦਰ ਸਿੰਘ ਰੋਮਾਣਾ ਨੇ ਫੌਜ ਅਧਿਕਾਰੀਆਂ ’ਤੇ ਉਸ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਸਨ।
ਸੂਰਤਗੜ੍ਹ ਪੁਲਿਸ ਨੇ ਮ੍ਰਿਤਕ ਦੇ ਚਾਚਾ ਨਵਦੀਪ ਸਿੰਘ ਵਾਸੀ ਪਿੰਡ ਬੁਰਜ ਹਰੀ ਜ਼ਿਲ੍ਹਾ ਮਾਨਸਾ ਦੇ ਬਿਆਨ ’ਤੇ ਲੈਫਟੀਨੈਂਟ ਕਰਨਲ ਪਰਮਪ੍ਰੀਤ ਸਿੰਘ ਕੋਚਰ ਤੇ ਵਿਨੋਦ ਕੁਮਾਰ, ਮੇਜਰ ਸੂਬੇਦਾਰ ਉਧਮ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦਾ 25 ਮਈ ਨੂੰ ਪਿੰਡ ਬੁਰਜ ਹਰੀ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਕਿਸਾਨ ਆਗੂ ਤੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਫੌਜ ਦੇ ਉਚ ਅਧਿਕਾਰੀਆਂ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਤੇ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਪ੍ਰਭਦਿਆਲ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

 

Have something to say? Post your comment

 
 
 
 
 
Subscribe