ਮਾਹਿਲਪੁਰ : ਬਲਾਕ ਮਾਹਿਲਪੁਰ ਦੇ ਪਿੰਡ ਚੱਕ ਨਾਰੀਅਲ ਵਿਖੇ ਇਕ 39 ਸਾਲਾ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਕਰਜ਼ੇ ਤੋਂ ਦੁਖੀ ਕਿਸਾਨ ਹਰਮੇਸ਼ ਸਿੰਘ ਪੁੱਤਰ ਜਗਤ ਸਿੰਘ ਨੇ ਪਿੰਡ ਲਲਵਾਨ ਸਥਿਤ ਅਪਣੇ ਖੇਤਾਂ ਵਿਚ ਟਰਾਂਸਫ਼ਾਰਮਰ ਨਾਲ ਫਾਹਾ ਲੈ ਕੇ ਅਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਸਤਨਾਮ ਕੌਰ ਵਾਸੀ ਚੱਕ ਨਰਿਆਲ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸ ਦੇ ਪਤੀ ਨੇ ਖ਼ੇਤੀ ਵਿਚ ਪੈ ਰਹੇ ਘਾਟੇ ਕਾਰਨ ਮਾਹਿਲਪੁਰ ਦੀ ਇਕ ਬੈਂਕ ਤੋਂ ਕਰਜ਼ਾ ਲਿਆ ਸੀ| ਉਸ ਨੇ ਦੱਸਿਆ ਕਿ ਕਿਸ਼ਤਾਂ ਸਮੇਂ ਸਿਰ ਜਮ੍ਹਾਂ ਨਾ ਹੋਣ ਕਾਰਨ ਬੈਂਕ ਵਾਲੇ ਲਗਾਤਾਰ ਉਹਨਾਂ ਦੇ ਘਰ ਚੱਕਰ ਕੱਟ ਰਹੇ ਹਨ ਜਿਸ ਕਾਰਨ ਹਰਮੇਸ਼ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗ ਪਿਆ|
ਹਰਮੇਸ਼ ਸਿੰਘ ਨੇ ਬੈਂਕ ਤੋਂ ਚਾਰ ਲੱਖ਼ ਰੁਪਏ ਦਾ ਕਰਜ਼ਾ ਲਿਆ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮੇਸ਼ ਸਿੰਘ ਸਵੇਰੇ ਘਰੋਂ ਰੋਟੀ ਖ਼ਾ ਕੇ ਚਲਾ ਗਿਆ ਅਤੇ ਸਾਰਾ ਦਿਨ ਵਾਪਿਸ ਨਾ ਮੁੜਿਆ। ਸ਼ਾਮ ਨੂੰ ਪਤਾ ਲੱਗਿਆ ਕਿ ਉਸ ਨੇ ਟਿਊਬਵੈੱਲ ਦੇ ਨਾਲ ਲੱਗੇ ਬਿਜਲੀ ਦੇ ਟਰਾਂਸਫ਼ਾਰਮਰ ਨਾਲ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਕਿਸਾਨ ਦੇ ਦੋ ਲੜਕੇ ਹਨ ਜਿਨ੍ਹਾਂ ਦੀ ਉਮਰ 12 ਸਾਲ ਅਤੇ 9 ਸਾਲ ਹੈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਪੋਸਟਮਾਰਟਮ ਲਈ ਭੇਜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |