ਗੁਰਦਾਸਪੁਰ : ਪਿੰਡ ਭਾਮ ਵਿੱਚ ਘਰੇਲੂ ਝਗੜੇ ਦਾ ਫ਼ੈਸਲਾ ਕਰਵਾਉਂਦੇ ਸਮੇਂ ਤੈਸ਼ ਵਿੱਚ ਆਏ ਇਕ ਨਿਹੰਗ ਸਿੰਘ ਵੱਲੋਂ ਸਾਬਕਾ ਕਾਂਗਰਸੀ ਸਰਪੰਚ ’ਤੇ ਕਿਰਪਾਨ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ’ਚ ਨਿਹੰਗ ਸਿੰਘ ਨੇ ਸਾਬਕਾ ਸਰਪੰਚ ਦਾ ਕਿਰਪਾਨ ਨਾਲ ਗੁੱਟ ਵੱਢ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਂਗਰਸ ਦੇ ਸਾਬਕਾ ਸਰਪੰਚ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਸੀਨੀਅਰ ਕਾਂਗਰਸੀ ਵੱਜੋਂ ਸਿਰਕੱਢ ਲੀਡਰ ਸੁਖਵਿੰਦਰ ਸਿੰਘ ਵਾਸੀ ਭਾਮ ਵੱਲੋਂ ਬੀਤੇ ਦਿਨ ਪਿੰਡ ਦੇ ਕੁਝ ਲੋਕਾਂ ’ਚ ਹੋਏ ਘਰੇਲੂ ਝਗੜੇ ਦਾ ਫ਼ੈਸਲਾ ਕਰਵਾਇਆ ਜਾ ਰਿਹਾ ਸੀ। ਫ਼ੈਸਲੇ ’ਚ ਵਿੱਠਵਾਂ ਵਾਸੀ ਖ਼ਾਲਸਾ ਡੇਅਰੀ ਦੇ ਨਿਹੰਗ ਸਿੰਘ ਵੀ ਪਹੁੰਚ ਗਏ। ਫ਼ੈਸਲੇ ਦੀ ਗੱਲਬਾਤ ਚੱਲ ਹੀ ਰਹੀ ਸੀ ਕਿ ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਨਿਹੰਗ ਸਿੰਘ ਤੈਸ਼ ’ਚ ਆ ਗਿਆ। ਉਸ ਨੇ ਆਪਣੇ ਕੋਲ ਕਿਰਪਾਨ, ਜੋ ਸ਼ਾਸਤਰ ਦੇ ਤੌਰ ’ਤੇ ਪਹਿਨੀ ਹੋਈ ਸੀ, ਨਾਲ ਸੁਖਵਿੰਦਰ ਸਿੰਘ ’ਤੇ ਹਮਲਾ ਕਰ ਦਿੱਤਾ।
ਇਸ ਹਮਲੇ ’ਚ ਸੁਖਵਿੰਦਰ ਸਿੰਘ ਦਾ ਗੁੱਟ ਵੱਢਿਆ ਗਿਆ, ਜਿਸ ਤੋਂ ਬਾਅਦ ਉਕਤ ਨਿਹੰਗ ਸਿੰਘ ਮੌਕੇ ਤੋਂ ਫਰਾਰ ਹੋ ਗਏ। ਕਾਫ਼ੀ ਜ਼ਖ਼ਮੀ ਹਾਲਤ ਵਿੱਚ ਸੁਖਵਿੰਦਰ ਸਿੰਘ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਨੂੰ ਲੈ ਕੇ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਸ਼ਿਕਾਇਤ ਦਰਜ ਕਰ ਲਈ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ। ਇਸ ਘਟਨਾ ਨੂੰ ਲੈ ਕੇ ਇਲਾਕੇ ਵਿੱਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।