ਲੁਧਿਆਣਾ : ਗੌਰਵ ਸ਼ਰਮਾ ਯਾਨੀ ਨਕਲੀ ਪ੍ਰਸ਼ਾਂਤ ਕਿਸ਼ੋਰ ਦੀ ਨਜ਼ਰ ਚੋਣਾਂ ਵਿਚ ਟਿਕਟ ਚਾਹੁਣ ਵਾਲਿਆਂ ਦੇ ਨਾਲ ਨਾਲ ਸਿਆਸਤ ਦੀ ਏਬੀਸੀਡੀ ਸਿੱਖਣ ਦੀ ਤਮੰਨਾ ਰੱਖਣ ਵਾਲਿਆਂ ’ਤੇ ਵੀ ਸੀ। ਉਹ ਅਪਣੇ ਸ਼ਿਕਾਰ ਦਾ ਪੂਰਾ ਬਹੀਖਾਤਾ ਕੱਢ ਕੇ ਫੇਰ ਗੱਲ ਕਰਦਾ ਸੀ। ਅਜੇ ਤੱਕ ਦੀ ਜਾਂਚ ਵਿਖ ਖੁਲਾਸਾ ਹੋਇਆ ਕਿ ਫਰਜ਼ੀ ਪੀਕੇ ਦੀ ਵਿਵਾਦਤ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਨਾਲ ਵੀ ਟਿਕਟ ਦਿਵਾਉਣ ਸਬੰਧੀ ਡੀਲ ਚਲ ਰਹੀ ਸੀ। ਹੁਣ ਪੁਲਿਸ ਸਿੰਗਰ ਤੋਂ ਜਾਣਕਾਰੀ ਜੁਟਾਉਣ ਦੇ ਮੂਡ ਵਿਚ ਹੈ।
ਦੱਸ ਦੇਈਏ ਕਿ ਅੰਮ੍ਰਿਤਸਰ ਨਿਵਾਸੀ ਗੌਰਵ ਸ਼ਰਮਾ ਉਰਫ ਗੌਰਾ ਖ਼ਿਲਾਫ਼ 3 ਦਸੰਬਰ 2018 ਨੂੰ ਜੈਪੁਰ ਦੇ ਥਾਣਾ ਚੰਦ ਭਜੀ ਵਿਚ ਐਫਆਈਆਰ ਨੰਬਰ 379 ਦਰਜ ਕੀਤੀ ਗਈ। ਉਸੇ ਥਾਣੇ ਵਿਚ 8 ਜੁਲਾਈ 2019 ਨੂੰ ਰਾਜਸਥਾਨ ਦੇ ਸਾਬਕਾ ਕਾਂਗਰਸੀ ਵਿਧਾਇਕ ਰਾਮਚੰਦਰ ਦੀ ਸ਼ਿਕਾਇਤ ’ਤੇ ਇੱਕ ਹੋਰ ਕੇਸ ਦਰਜ ਕੀਤਾ ਗਿਆ। ਦੋਸ਼ ਹੈ ਕਿ ਪੇਸ਼ੇ ਤੋਂ ਮੰਚ ਸੰਚਾਲਕ ਰਹੇ ਗੌਰਵ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਆਵਾਜ਼ ਵਿਚ ਫੋਨ ਕਰਕੇ ਰਾਮਚੰਦਰ ਨੂੰ ਟਿਕਟ ਦਿਵਾਉਣ ਲਈ ਦੋ ਕਰੋੜ ਵਿਚ ਸੌਦਾ ਕੀਤਾ ਸੀ।
ਉਸ ਨੇ ਇਹ ਰਕਮ 80 ਲੱਖ ਅਤੇ 1.2 ਕਰੋੜ ਰੁਪਏ ਦੀ ਕਿਸ਼ਤਾਂ ਵਿਚ ਲਈ। ਪਹਿਲੇ ਕੇਸ ਵਿਚ ਫਰਜ਼ੀ ਪੀਕੇ 56 ਦਿਨ ਜੇਲ੍ਹ ਵਿਚ ਰਿਹਾ ਜਦ ਕਿ ਦੂਜੇ ਮਾਮਲੇ ਵਿਚ ਉਸ ਨੂੰ ਜ਼ਮਾਨਤ ਮਿਲ ਗਈ ਸੀ। ਇਸ ਤੋਂ ਬਾਅਦ ਉਸ ਦੇ ਹੌਸਲੇ ਵਧਦੇ ਚਲੇ ਗਏ ਅਤੇ ਪੰਜਾਬ ਦੇ 13 ਤੇ ਰਾਜਸਥਾਨ ਦੇ ਦੋ ਲੋਕਾਂ ਨੂੰ ਝਾਂਸੇ ਵਿਚ ਲੈ ਲਿਆ। ਥੋੜ੍ਹੇ ਦਿਨ ਪਹਿਲਾਂ ਸਾਹਮਣੇ ਆਈ ਜਾਣਕਾਰੀ ਮੁਤਾਬਕ ਮਾਨਸਾ ਦੀ ਇੱਕ ਕਾਂਗਰਸੀ ਮਹਿਲਾ ਨੇਤਾ ਵੀ ਸ਼ਾਮਲ ਹੈ। ਲੁਧਿਆਣਾ ਵਿਚ ਕੇਸ ਦਰਜ ਹੋਇਆ ਅਤੇ ਜ਼ਿਲ੍ਹੇ ਦੀ ਪੁਲਿਸ ਨੇ ਗੌਰਵ ਸ਼ਰਮਾ ਉਰਫ ਨਕਲੀ ਪੀਕੇ ਨੂੰ ਕਾਬੂ ਕੀਤਾ।
ਪੁਛਗਿੱਛ ਵਿਚ ਗੌਰਵ ਨੇ ਕਈ ਖੁਲਾਸੇ ਕੀਤੇ ਹਨ। ਉਸ ਦੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਵੀ ਡੀਲ ਹੋਈ ਸੀ। ਦੱਸਿਆ ਜਾ ਰਿਹਾ ਕਿ ਉਸ ਦੀ ਡੀਲ ਪੰਜ ਕਰੋੜ ਰੁਪਏ ਵਿਚ ਤੈਅ ਹੋਈ ਸੀ। ਉਸ ਦੀ ਫੰਡਿੰਗ ਵੀ ਬਾਹਰ ਤੋਂ ਹੋਣ ਵਾਲੀ ਸੀ। ਜੇਕਰ ਅਜਿਹਾ ਹੋਇਆ ਤਾਂ ਮਾਮਲੇ ਵਿਚ ਮਨੀ ਲਾਂਡਰਿੰਗ ਕਰਨ ਦੇ ਨਾਂ ’ਤੇ ਫੰਡਿੰਗ ਕਰਨ ਵਾਲੇ ਲੋਕਾਂ ਦੇ ਨਾਂ ਵੀ ਸਾਹਮਣੇ ਆਉਣਗੇ ਤੇ ਉਨ੍ਹਾਂ ’ਤੇ ਕੇਸ ਵੀ ਦਰਜ ਕੀਤਾ ਜਾ ਸਕਦੈ। ਜਵਾਇੰਟ ਪੁਲਿਸ ਕਮਿਸ਼ਨਰ ਸਚਿਨ ਗੁਪਤਾ ਦਾ ਕਹਿਣਾ ਹੈ ਕਿ ਹੁਣ ਸਿੱਧੂ ਮੂਸੇਵਾਲੇ ਕੋਲੋਂ ਵੀ ਜਾਣਕਾਰੀ ਜੁਟਾਈ ਜਾਵੇਗੀ।