ਨਵੀਂ ਦਿੱਲੀ : ਏਅਰ ਇੰਡੀਆ ਨੂੰ ਅਮਰੀਕਾ ਦੀ ਕੋਰਟ ’ਚ ਘਸੀਟਿਆ ਗਿਆ ਹੈ, ਕਾਰਨ ਇਹ ਦਸਿਆ ਗਿਆ ਹੈ ਕਿ ਬ੍ਰਿਟੇਨ ਦੀ ਤੇਲ ਕੰਪਨੀ ਕੇਅਰਨ ਐਨਰਜੀ ਨੇ ਭਾਰਤ ਸਰਕਾਰ ਤੋਂ 1.2 ਅਰਬ ਡਾਲਰ ਵਸੂਲ ਕਰਨੇ ਹਨ। ਜਾਣਕਾਰੀ ਅਨੁਸਾਰ ਅਮਰੀਕਾ ਦੀ ਇਕ ਜ਼ਿਲਾ ਕੋਰਟ ਫਾਈਲਿੰਗ ’ਚ ਇਹ ਗੱਲ ਸਾਹਮਣੇ ਆਈ ਹੈ। ਇਸ ਦਾ ਮਕਸਦ ਭਾਰਤ ਸਰਕਾਰ ’ਤੇ ਭੁਗਤਾਨ ਲਈ ਦਬਾਅ ਬਣਾਉਣਾ ਹੈ। ਰੇਟ੍ਰੋਸਪੈਕਟਿਵ ਟੈਕਸ ਮਾਮਲੇ ’ਚ ਕੌਮਾਂਤਰੀ ਆਰਬਿਟਰੇਸ਼ਨ ਟ੍ਰਿਬਿਊਨਲ ਨੇ ਕੇਅਰਨ ਐਨਰਜੀ ਦੇ ਪੱਖ ’ਚ ਫੈਸਲਾ ਸੁਣਾਇਆ ਸੀ ਅਤੇ ਭਾਰਤ ਸਰਕਾਰ ਨੂੰ ਕੰਪਨੀ ਨੂੰ 1.2 ਅਰਬ ਡਾਲਰ ਦਾ ਭੁਗਤਾਨ ਕਰਨ ਨੂੰ ਕਿਹਾ ਸੀ। ਇਹ ਫੈਸਲਾ ਦਸੰਬਰ 2020 ’ਚ ਆਇਆ ਸੀ।
ਕੇਅਰਨ ਨੇ ਨਿਊਯਾਰਕ ਦੇ ਦੱਖਣੀ ਜ਼ਿਲੇ ਦੀ ਅਦਾਲਤ ’ਚ ਇਕ ਮੁਕੱਦਮਾ ਦਾਇਰ ਕੀਤਾ। ਇਸ ’ਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਭਾਰਤ ਦੀ ਸਰਕਾਰੀ ਏਅਰਲਾਈਨ ਕੰਪਨੀ ਹੈ। ਕੰਪਨੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ’ਤੇ ਉਸ ਦੀ ਬਕਾਇਆ ਰਾਸ਼ੀ ਇਸੇ ਕੰਪਨੀ (ਏਅਰ ਇੰਡੀਆ) ਤੋਂ ਵਸੂਲ ਕੀਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ’ਚ ਏਅਰ ਇੰਡੀਆ ਅਤੇ ਭਾਰਤ ਸਰਕਾਰ ਤੋਂ ਤੁਰੰਤ ਪ੍ਰਤੀਕਿਰਿਆ ਨਹੀਂ ਮਿਲ ਸਕੀ।