ਗੁਰੂ ਨਾਨਕ ਸਾਹਿਬ ਦੇ ਚਰਨ-ਛੋਹ ਪ੍ਰਾਪਤ ਪੰਜਾ ਸਾਹਿਬ (ਹਸਨ ਅਬਦਾਲ) ਦੀ ਪਵਿੱਤਰ ਧਰਤੀ, ਪਾਕਿਸਤਾਨ ਦੀ ਕੌਮੀ ਰਾਜਧਾਨੀ ਇਸਲਾਮਾਬਾਦ ਤੋਂ ਲਹਿੰਦੇ ਵੱਲ, ਮੌਜੂਦਾ ਲਹਿੰਦੇ ਪੰਜਾਬ ਦੇ ਪੁਰਾਤਨ ਸ਼ਹਿਰ ਰਾਵਲਪਿੰਡੀ ਤੋਂ ਉੱਤਰ-ਪੱਛਮ ਦਿਸ਼ਾ ਵਿਚ ਲਗਪਗ 45 ਕੁ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਭੂਗੋਲਿਕ ਸਥਿਤੀ ਪੱਖੋਂ ਇਹ ਪਾਕਿਸਤਾਨ ਦੇ ਉੱਤਰੀ ਸਰਹੱਦੀ ਇਲਾਕੇ ਦੇ ਨੇੜੇ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਅਟਕ (ਕੈਂਬਲਪੁਰ) ਵਿਚ ਪੈਂਦਾ ਹੈ ਅਤੇ ਲਾਹੌਰ ਤੋਂ ਪਿਸ਼ਾਵਰ ਹੁੰਦੇ ਹੋਏ ਦੱਰਾ ਖੈਬਰ ਰਾਹੀਂ ਪੱਛਮੀ ਤੇ ਮੱਧ ਏਸ਼ੀਆ ਵੱਲ ਜਾਣ ਵਾਲੇ ਵਪਾਰਕ ਰਸਤੇ ਉੱਤੇ ਸਥਿਤ ਇਕ ਅਹਿਮ ਸਥਾਨ ਹੈ।