ਪੰਜਾਬ ਦੀਆਂ 30 ਸੰਘਰਸ਼ਸ਼ੀਲ ਜਥੇਬੰਦੀਆਂ ਦੀ ਹੰਗਾਮੀ-ਆਨਲਾਈਨ ਮੀਟਿੰਗ ਕਿਸਾਨ-ਆਗੂ ਡਾ. ਦਰਸ਼ਨਪਾਲ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਕਿਸਾਨ-ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਚਰਚਾ ਕੀਤੀ। ਕੇਂਦਰ ਸਰਕਾਰ ਵੱਲੋਂ ਮਾਲ-ਗੱਡੀਆਂ ਰੋਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਕਿਸਾਨ-ਆਗੂਆਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਰੇਲਵੇ-ਟ੍ਰੈਕ ਖਾਲੀ ਕਰ ਦਿੱਤੇ ਗਏ ਹਨ, ਪਰ ਹੁਣ ਕੇਂਦਰ ਸਰਕਾਰ ਮਾਲ-ਗੱਡੀਆਂ ਚਲਾਉਣ ਲਈ ਇਹ ਸ਼ਰਤ ਮੜ੍ਹ ਰਹੀ ਹੈ ਕਿ ਕਿਸਾਨ ਯਾਤਰੀ-ਗੱਡੀਆਂ ਵੀ ਲੰਘਣ ਦੇਣ, ਜੋ ਕਿ ਨਿੰਦਣਯੋਗ ਹੈ। ਕਿਉਂਕਿ ਅਸਲ 'ਚ ਕੇਂਦਰ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਦਬਾਉਣ ਲਈ ਬਹਾਨੇ ਲੱਭ ਰਹੀ ਹੈ। ਪਰ ਜਥੇਬੰਦੀਆਂ ਕੇਂਦਰ ਸਰਕਾਰ ਦਾ ਦਬਾਅ ਨਹੀਂ ਸਹਿਣ ਕਰਨਗੀਆਂ।