ਹਨੋਵਰ, (ਏਜੰਸੀ) : ਫ਼ਰੈਂਚ ਓਪਨ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ਪੈਰਿਸ ਵਿਚ ਹੋਣ ਵਾਲੇ ਅਗਲੇ ਟੂਰਨਾਮੈਂਟ ਵਿਚ ਲਗਭਗ 118000 ਦਰਸ਼ਕਾਂ ਨੂੰ ਸਟੇਡੀਅਮ ਵਿਚ ਪ੍ਰਵੇਸ਼ ਕਰਨ ਦੀ ਇਜਾਜ਼ਤ ਮਿਲੇਗੀ। ਇਸ ਤੋਂ ਇਲਾਵਾ ਟੂਰਨਾਮੈਂਟ ਦੇ ਇਸ ਐਡੀਸ਼ਨ ਵਿਚ ਪਹਿਲੀ ਵਾਰ ਰਾਤ ਨੂੰ ਵੀ ਮੈਚ ਕਰਵਾਏ ਜਾਣਗੇ। ਮਰਦ ਤੇ ਮਹਿਲਾ ਵਰਗ ਦੇ ਦੋ-ਦੋ ਮੈਚ ਰਾਤ ’ਚ ਖੇਡੇ ਜਾਣਗੇ। ਪ੍ਰਬੰਧਕਾਂ ਨੇ ਕਿਹਾ ਕਿ ਪਹਿਲੇ 10 ਦਿਨ 5000 ਤੋਂ ਵੱਧ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਮਿਲੇਗੀ।
ਤਿੰਨ ਹੋਰ ਕੋਰਟਾਂ ’ਤੇ ਵੀ 1000-1000 ਦਰਸ਼ਕਾਂ ਨੂੰ ਆਊਣ ਦੀ ਛੋਟ ਮਿਲੇਗੀ। ਟੂਰਨਾਮੈਂਟ ਦੇ ਬਾਕੀ ਬਚੇ ਪੰਜ ਦਿਨ ਹਰੇਕ ਕੋਰਟ ’ਤੇ 5000 ਦਰਸ਼ਕਾਂ ਨੂੰ ਸਟੇਡੀਅਮ ਵਿਚ ਪ੍ਰਵੇਸ਼ ਕਰਨ ਦਿਤਾ ਜਾਵੇਗਾ। ਕੋਵਿਡ-19 ਕਾਰਨ ਫ਼ਰੈਂਚ ਓਪਨ ਨੂੰ ਇਸ ਵਾਰ 30 ਮਈ ਤੋਂ 13 ਜੂਨ ਤਕ ਕਰਵਾਇਆ ਜਾਵੇਗਾ। ਪਿਛਲੀ ਵਾਰ ਇਸ ਚੈਂਪੀਅਨਸ਼ਿਪ ਵਿਚ 15000 ਪ੍ਰਸ਼ੰਸਕਾਂ ਨੂੰ ਸਟੇਡੀਅਮ ਵਿਚ ਇਜਾਜ਼ਤ ਮਿਲੀ ਸੀ।
ਪ੍ਰਬੰਧਕਾਂ ਨੇ ਇਹ ਵੀ ਕਿਹਾ ਹੈ ਕਿ ਫ਼ਰੈਂਚ ਓਪਨ 2021 ਵਿਚ ਹਿੱਸਾ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਦੋ ਹੋਟਲਾਂ ਵਿਚ ਠਹਿਰਾਇਆ ਜਾਵੇਗਾ ਤੇ ਹਰੇਕ ਦਿਨ ਕੋਰੋਨਾ ਟੈਸਟ ਤੋਂ ਬਾਅਦ ਹੀ ਉਨ੍ਹਾਂ ਕੋਰਟ ਵਿਚ ਪ੍ਰਵੇਸ਼ ਦਿਤਾ ਜਾਵੇਗਾ।