ਚੰਡੀਗੜ੍ਹ (ਏਜੰਸੀਆਂ) : ਨਵਜੋਤ ਸਿੰਘ ਸਿੱਧੂ ਵਿਰੁਧ ਜੰਗ ਭਖ ਰਹੀ ਹੈ। ਹੁਣ ਬਲਬੀਰ ਸਿੰਘ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਸਿੱਧੂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੁੰਦਰ ਸ਼ਾਮ ਅਰੋੜਾ, ਸਾਧੂ ਸਿੰਘ ਧਰਮਸੌਤ ਤੇ ਇਕ ਹੋਰ ਮੰਤਰੀ ਨੇ ਹਾਈਕਮਾਨ ਨੂੰ ਸਿੱਧੂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ ਕੀਤੀ ਸੀ। ਲਾਮਬੰਦ ਹੋਏ ਮੰਤਰੀਆਂ ਨੇ ਕਿਹਾ ਕਿ ਸਿੱਧੂ ਤੇ ਰਾਜ ਦੀਆਂ ਵਿਰੋਧੀ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਦੇ ਵਿਚਾਲੇ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵਲੋਂ ਮੁੱਖ ਮੰਤਰੀ ’ਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਸੂਬੇ ਵਿਚ ਆਪਣੇ ਚੋਣ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਕਾਂਗਰਸ ਵਿਚ ਸਮੱਸਿਆ ਪੈਦਾ ਕਰਨ ਲਈ ‘ਆਪ’ ਜਾਂ ਭਾਜਪਾ ਆਗੂਆਂ ਵਲੋਂ ਉਕਸਾ ਕੇ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਸਿੱਧੂ ਵਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਖਿਲਾਫ਼ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਤਾਂ ਮੁੱਖ ਮੰਤਰੀ ਖ਼ਿਲਾਫ਼ ਸਾਜਿਸ਼ ਦਾ ਹੀ ਅੰਦਾਜ਼ਾ ਲੱਗਦਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਧੂ ਨੂੰ ਮੁੱਖ ਮੰਤਰੀ ਖਿਲਾਫ਼ ਜਨਤਕ ਤੌਰ ’ਤੇ ਭੜਾਸ ਕੱਢਣ ਦੀ ਬਜਾਏ ਸਿੱਧੇ ਚੋਣ ਮੈਦਾਨ ਵਿਚ ਆਉਣਾ ਚਾਹੀਦਾ ਹੈ। ਮੰਤਰੀਆਂ ਨੇ ਕਿਹਾ ਕਿ ਸਿੱਧੂ ਨੂੰ ਚਾਹੀਦਾ ਹੈ ਕਿ ਉਹ ਕਾਂਗਰਸ ਛੱਡ ਦੇਵੇ ਅਤੇ ਮੁੱਖ ਮੰਤਰੀ ਦੇ ਵਿਰੁੱਧ ਅਖਾੜੇ ਵਿਚ ਆਵੇ, ਜੇਕਰ ਉਸ ਨੂੰ ਸੱਚਮੁੱਚ ਆਪਣੀ ਸਿਆਸੀ ਸ਼ਕਤੀ ’ਤੇ ਵਿਸ਼ਵਾਸ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਮੁੱਖ ਮੰਤਰੀ ਵਿਰੁੱਧ ਸ਼ਬਦੀ ਹਮਲੇ ਕਰਨ ਪਿੱਛੇ ਉਨ੍ਹਾਂ ਦਾ ਮਕਸਦ ਰਾਜਨੀਤਕ ਰਸੂਖ ਵਧਾਉਣਾ ਜਾਂ ਪ੍ਰਸਿੱਧੀ ਹਾਸਲ ਕਰਨਾ ਹੀ ਹੋ ਸਕਦਾ।