ਲੁਧਿਆਣਾ (: ਕਿਲ੍ਹਾ ਰਾਏਪੁਰ ਸਥਿਤ ਸੂਬਾ ਸਿੰਘ ਪੋਲਟਰੀ ਫਾਰਮ ’ਚ ਮੁਰਗੇ-ਮੁਰਗੀਆਂ ’ਚ ਬਰਡ ਫਲੂ ਪਾਏ ਜਾਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਵੱਲੋਂ ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਣ ਦਾ ਆਪਰੇਸ਼ਨ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਜੰਗੀ ਪੱਧਰ ’ਤੇ ਜਾਰੀ ਹੈ। ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਪਰਮਦੀਪ ਸਿੰਘ ਵਾਲੀਆ ਨੇ ਦੱਸਿਆ ਕਿ 24 ਰੈਪਿਡ ਰਿਸਪਾਂਸ ਟੀਮਾਂ ਵੱਲੋਂ ਬਕਾਇਦਾ ਪੀ. ਪੀ. ਈ. ਕਿੱਟਾਂ ਪਾ ਕੇ 12400 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਗਿਆ। ਉਨ੍ਹਾਂ ਦੱਸਿਆ ਕਿ 14 ਟੀਮਾਂ ਬੀਤੀ ਸਵੇਰੇ ਜਦੋਂ ਕਿ 14 ਟੀਮਾਂ ਨੇ ਬਾਅਦ ਦੁਪਹਿਰ ਇਸ ਕੰਮ ਨੂੰ ਨੇਪਰੇ ਚਾੜ੍ਹਿਆ। ਉਨ੍ਹਾਂ ਦੱਸਿਆ ਕਿ ਹੁਣ ਤੱਕ 31 ਹਜ਼ਾਰ 600 ਮੁਰਗੇ-ਮੁਰਗੀਆਂ ਨੂੰ ਮਾਰ ਕੇ ਦੱਬਿਆ ਜਾ ਚੁੱਕਾ ਹੈ। ਡਿਪਟੀ ਡਾਇਰੈਕਟਰ ਡਾ. ਵਾਲੀਆ ਨੇ ਦੱਸਿਆ ਕਿ ਇਸ ਤੋਂ ਇਲਾਵਾ 7200 ਅੰਡਿਆਂ ਨੂੰ ਵੀ ਨਸ਼ਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੋਲਟਰੀ ਫਾਰਮ ’ਚ 80 ਹਜ਼ਾਰ ਦੇ ਕਰੀਬ ਮੁਰਗੇ-ਮੁਰਗੀਆਂ ਹਨ।