Saturday, November 23, 2024
 

ਪੰਜਾਬ

ਸੁਖਬੀਰ ਬਾਦਲ ਸਾਹਿਬ ਸਿੱਖਾਂ ਨੂੰ ਤਾਂ ਮੋਦੀ ਨੇ ਭਾਵੇਂ ਕੁੱਝ ਨਹੀਂ ਦਿਤਾ, ਬਾਦਲ ਪਰਵਾਰ ਜ਼ਰੂਰ ਖੱਟ ਗਿਆ ਹੋਣੈ

May 17, 2019 07:19 PM

ਚੰਡੀਗੜ੍ਹ : ਬੀਤੇ ਦਿਨਾਂ 'ਚ ਜਦੋਂ ਚੋਣ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਸੀ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਇਕ ਬਿਆਨ ਅਖ਼ਬਾਰਾਂ 'ਚ ਪੜ੍ਹਨ ਨੂੰ ਮਿਲਿਆ। ਜਿਸ ਵਿਚ ਉਨ੍ਹਾਂ ਕਿਹਾ 'ਜੇਕਰ ਮੋਦੀ ਸਾਹਬ ਫ਼ਿਰਕਾਪ੍ਰਸਤ ਹੁੰਦੇ ਤਾਂ ਸਿੱਖਾਂ ਨੂੰ ਇੰਨਾ ਕੁਝ ਕਿਵੇਂ ਮਿਲਦਾ' ਇਹ ਬਿਆਨ ਪੜ੍ਹ ਕੇ ਲੋਕਾਂ ਨੂੰ ਹੈਰਾਨੀ ਹੋਈ ਕਿ ਇਹ ਉਹੀ ਅਕਾਲੀ ਹਨ ਜਿਹੜੇ ਪੰਜਾਬ ਦੀ ਛੋਟੀ ਜਿਹੀ ਮੰਗ ਵਾਸਤੇ ਮੋਰਚਾ ਲਾ ਲੈਂਦੇ ਸਨ। ਸਭ ਤੋਂ ਪਹਿਲੀ ਗੱਲ ਇਹ ਕਿ ਆਮ ਪਾਠਕ ਸੁਖਬੀਰ ਬਾਦਲ ਨੂੰ ਇਹ ਪੁਛਣਾ ਚਾਹੁੰਦੇ ਹਨ ਕਿ ਜ਼ਰਾ ਇਹ ਦੱਸਣ ਦੀ ਖੇਚਲ ਕਰੋਗੇ ਕਿ ਮੋਦੀ ਨੇ ਸਿੱਖਾਂ ਨੂੰ ਤਾਂ ਛੱਡੋ, ਪੰਜਾਬ ਜਾਂ ਪੰਜਾਬੀਆਂ ਨੂੰ ਕੀ ਦਿਤਾ। ਖ਼ਿਆਲ ਹੈ ਕਿ ਇਸ ਦਾ ਉਤਰ ਸੁਖਬੀਰ ਬਾਦਲ ਨਹੀਂ ਦੇ ਸਕਣਗੇ। ਸ਼ਾਇਦ ਉਹ ਕਰਤਾਰਪੁਰ ਲਾਂਘੇ ਦਾ ਸਿਹਰਾ ਮੋਦੀ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰਨਗੇ ਪਰ ਇਹ ਜੱਗ ਜਾਣਦਾ ਹੈ ਕਿ ਇਹ ਲਾਂਘਾ ਇਮਰਾਨ ਖ਼ਾਨ ਦੀ ਪਹਿਲ ਨਾਲ ਖੁਲ੍ਹਿਆ ਹੈ ਤੇ ਭਾਰਤ ਸਰਕਾਰ ਨੇ ਬਾਅਦ 'ਚ ਸ਼ਰਮੋਂ ਸ਼ਰਮੀ ਮਨਜ਼ੂਰੀ ਦੇ ਦਿਤੀ। ਸੁਖਬੀਰ ਇਹ ਭੁੱਲ ਗਏ ਹਨ ਕਿ ਮੋਦੀ ਨੇ ਸਿੱਖਾਂ ਤੇ ਪੰਜਾਬੀਆਂ ਨੂੰ ਦਿਤਾ ਕੁਝ ਨਹੀਂ ਬਲਕਿ ਖੋਹਿਆ ਬਹੁਤ ਕੁਝ ਹੈ। ਗੁਜਰਾਤ ਵਿਚ ਵਸੇ ਪੰਜਾਬੀ ਤੇ ਸਿੱਖ ਕਿਸਾਨਾਂ ਨੂੰ ਉਜਾੜਨ ਵਾਲੇ ਮੋਦੀ ਹੀ ਹਨ। ਜਦੋਂ ਦੀ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਤੋਂ ਮੋਦੀ ਨੇ ਪੰਜਾਬ ਤੇ ਸਿੱਖਾਂ ਨਾਲ ਮਤਰੇਆਂ ਵਰਗਾ ਵਿਵਹਾਰ ਫੜ੍ਹਿਆ ਹੋਇਆ ਹੈ। ਬਾਦਲ ਪਰਵਾਰ ਮੋਦੀ ਦਾ ਧੰਨਵਾਦ ਲੰਗਰ ਤੋਂ ਜੀ ਐਸ ਟੀ ਹਟਾਉਣ ਲਈ ਵੀ ਕਰਦਾ ਹੁੰਦਾ ਹੈ ਪਰ ਉਹ ਭੁੱਲ ਜਾਂਦਾ ਹੈ ਕਿ ਇਹ ਕੰਮ ਵੀ ਮੋਦੀ ਸਰਕਾਰ ਨੂੰ ਤਾਂ ਕਰਨਾ ਪਿਆ ਕਿਉਂਕਿ ਹੋਰ ਧਾਰਮਕ ਸਥਾਨਾਂ ਦਾ ਜੀ ਐਸ ਟੀ ਮੁਆਫ਼ ਕੀਤਾ ਗਿਆ ਸੀ ਤੇ ਨਾਲ ਹੀ ਕੋਈ ਪੁਛਣ ਵਾਲਾ ਹੋਵੇ ਕਿ ਜੀ ਐਸ ਟੀ ਲਾਇਆ ਕਿਸਨੇ ਸੀ। ਜੇਕਰ ਔਰੰਗਜੇਬ ਨੇ ਜਜ਼ੀਆ ਲਾ ਕੇ ਹਟਾ ਦਿਤਾ ਸੀ ਤਾਂ ਕੀ ਹਿੰਦੂਆਂ 'ਤੇ ਅਹਿਸਾਨ ਕੀਤਾ ਸੀ?
ਉਕਤ ਤੋਂ ਇਲਾਵਾ ਮੋਦੀ ਦੀ ਪੰਜਾਬ ਤੇ ਸਿੱਖਾਂ ਦੇ ਪੱਖ 'ਚ ਕੋਈ ਪ੍ਰਾਪਤੀ ਨਹੀਂ ਹੈ ਪਰ ਹਾਂ, ਇਕ ਪ੍ਰਾਪਤੀ ਇਹ ਹੈ ਕਿ ਉਸ ਨੇ ਬਾਦਲ ਪਰਵਾਰ ਦੀ ਨੂੰਹ ਨੂੰ ਕੇਂਦਰ 'ਚ ਮੰਤਰੀ ਬਣਾ ਲਿਆ। ਵੋਟਾਂ ਵਾਸਤੇ ਵੱਡੇ ਬਾਦਲ ਦੇ ਪੈਰੀਂ ਹੱਥ ਲਾ ਦਿਤੇ ਜਾਂਦੇ ਹਨ। ਸੱਭ ਤੋਂ ਵੱਡੀ ਗੱਲ ਇਹ ਕਿ ਬਾਦਲ ਪਰਵਾਰ ਪਿਛੇ ਈ ਡੀ ਜਾਂ ਇਨਕਮ ਟੈਕਸ ਵਾਲੇ ਨਹੀਂ ਪੈਣ ਦਿਤੇ। ਇਸ ਤੋਂ ਅੱਗੇ ਜਾ ਕੇ ਬਾਦਲਾਂ ਦੇ ਰਿਸ਼ਤੇਦਾਰ ਮਜੀਠੀਏ ਨੂੰ ਬਚਾਉਣ ਲਈ ਨਿਰੰਜਣ ਸਿੰਘ ਵਰਗੇ ਇਮਾਨਦਾਰ ਅਫ਼ਸਰ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ। 2014 ਦੀਆਂ ਚੋਣਾਂ ਵੇਲੇ ਮੋਦੀ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ ਕਿ ਜਿਨ੍ਹਾਂ ਨੇ ਗ਼ੈਰ ਕਾਨੂੰਨੀ ਢੰਗ ਨਾਲ ਜਾਇਦਾਦ ਬਣਾਈ ਹੈ, ਉਨ੍ਹਾਂ ਨੂੰ ਜੇਲਾਂ 'ਚ ਸੁੱਟ ਦੇਵਾਂਗੇ। ਇਹ ਨਜ਼ਰ ਮੋਦੀ ਦੀ ਵਾਡਰਾ ਵਲ ਤਾਂ ਚਲੀ ਗਈ ਪਰ ਬਾਦਲਾਂ ਨੇ ਜਿਨ੍ਹਾਂ ਨੇ ਢੇਰ ਸਾਰੀ ਸੰਪਤੀ ਇਕੱਠੀ ਕੀਤੀ, ਉਧਰ ਨਹੀਂ ਗਈ। ਮੁਕਦੀ ਗੱਲ ਮੋਦੀ ਨੇ ਪੰਜਾਬ ਜਾਂ ਸਿੱਖਾਂ ਨੂੰ ਤਾਂ ਕੁਝ ਨਹੀਂ ਦਿਤਾ ਪਰ ਬਾਦਲਾਂ ਨੂੰ ਬਹੁਤ ਕੁਝ ਦੇ ਦਿਤਾ। ਦਿਖਾਵੇ ਵਜੋਂ ਤਾਂ ਬਾਦਲ ਪਰਵਾਰ ਵੀ ਸਿੱਖ ਹੈ ਇਸ ਲਈ ਸੁਖਬੀਰ ਠੀਕ ਹੀ ਕਹਿੰਦੇ ਹਨ ਕਿ ਮੋਦੀ ਨੇ ਸਿੱਖਾਂ ਨੂੰ ਬਹੁਤ ਕੁਝ ਦਿਤਾ ਹੈ ਭਾਵੇਂ ਚਾਰ ਸਿੱਖਾਂ ਨੂੰ ਦੇ ਦਿਤਾ।

 

Have something to say? Post your comment

Subscribe