ਚੰਡੀਗੜ੍ਹ : ਫਰਵਰੀ, 1986 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਕੋਦਰ 'ਚ ਹੋਈ ਬੇਅਦਬੀ ਖਿਲਾਫ਼ ਸਿੱਖ ਭਾਈਚਾਰੇ ਦੇ ਪ੍ਰਦਰਸ਼ਨ ਦੌਰਾਨ ਪੁਲਸ ਫਾਇਰਿੰਗ ਨਾਲ 4 ਨੌਜਵਾਨਾਂ ਦੀਆਂ ਮੌਤਾਂ ਨਾਲ ਸਬੰਧਤ ਕਾਂਡ ਦੇ ਪੀੜਤ ਪਰਿਵਾਰਾਂ ਨੇ ਲੋਕ ਸਭਾ ਚੋਣਾਂ ਕਾਰਣ ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਕ ਵਾਰ ਮੁੜ ਇਨਸਾਫ਼ ਦੀ ਗੁਹਾਰ ਲਾਈ ਹੈ। ਇਥੇ ਦਰਬਾਰ ਏ ਖਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਅਗਵਾਈ ਹੇਠ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਪ੍ਰੈੱਸ ਕਾਨਫਰੰਸ ਕਰਕੇ ਨਕੋਦਰ ਗੋਲੀਕਾਂਡ ਨੂੰ ਯਾਦ ਕਰਦਿਆਂ ਉਸ ਸਮੇਂ ਅਡੀਸ਼ਨਲ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਇਸ ਸਮੇਂ ਫ਼ਤਿਹਗੜ੍ਹ ਸਾਹਿਬ ਤੋਂ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਅਤੇ ਜਲੰਧਰ ਤੋਂ ਅਕਾਲੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਤੇ ਪੰਜਾਬ ਵਿਧਾਨਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਭੂਮਿਕਾ 'ਤੇ ਸਵਾਲ ਉਠਾਏ ਹਨ। ਪੀੜਤ ਪਰਿਵਾਰਾਂ ਦੇ ਮੈਂਬਰਾਂ ਦਾ ਕਹਿਣਾ ਸੀ ਕਿ ਜੇਕਰ ਕੈਪਟਨ ਸਰਕਾਰ ਨੇ ਵੀ ਬਾਦਲ ਸਰਕਾਰ ਸਮੇਂ ਵਾਲਾ ਰਵੱਈਆ ਇਸ ਮਾਮਲੇ ਨੂੰ ਲੈ ਕੇ ਅਪਣਾਉਣ ਦਾ ਯਤਨ ਕੀਤਾ ਤਾਂ ਉਸ ਦਾ ਹਸ਼ਰ ਵੀ ਬਾਦਲਾਂ ਵਰਗਾ ਹੀ ਹੋਵੇਗਾ।
ਦਰਬਾਰ ਏ ਖਾਲਸਾ ਦੇ ਮੁਖੀ ਭਾਈ ਮਾਝੀ ਨੇ ਕਿਹਾ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਵੀ ਨਕੋਦਰ ਕਾਂਡ ਦਾ ਮਾਮਲਾ ਵਿਧਾਇਕ ਐੱਚ.ਐੱਸ. ਫੂਲਕਾ ਨੇ ਉਠਾਇਆ ਸੀ ਅਤੇ ਸਰਕਾਰ ਚਾਹੁੰਂਦੀ ਤਾਂ ਇਸ ਮਾਮਲੇ 'ਤੇ ਵਿਧਾਨਸਭਾ 'ਚ ਗੋਲੀਕਾਂਡ ਸਬੰਧੀ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਵਿਚਾਰ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਸਮੇਂ ਸਿਰਫ਼ ਇਸ ਰਿਪੋਰਟ ਦਾ ਇਕ ਹਿੱਸਾ ਹੀ ਪੇਸ਼ ਹੋਇਆ, ਜਦਕਿ ਇਸ ਦਾ ਦੂਜਾ ਪਾਰਟ ਅੱਜ ਤੱਕ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਵਿਧਾਨ ਸਭਾ 'ਚ ਉਸ ਸਮੇਂ ਅਧੂਰੀ ਰਿਪੋਰਟ ਪੇਸ਼ ਕਰਨ ਲਈ ਸਪੀਕਰ ਦੀ ਭੂਮਿਕਾ ਨਿਭਾ ਰਹੇ ਚਰਨਜੀਤ ਸਿੰਘ ਅਟਵਾਲ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਭਾਵੇਂ ਸਾਬਕਾ ਆਈ.ਏ.ਐੱਸ. ਅਧਿਕਾਰੀ ਦਰਬਾਰਾ ਸਿੰਘ ਗੁਰੂ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਵਲੋਂ ਇਸ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਕੇ ਆਪਣੇ ਆਪ ਨੂੰ ਇਸ ਮਾਮਲੇ 'ਚ ਨਿਰਦੋਸ਼ ਦੱਸ ਚੁੱਕੇ ਹਨ ਪਰ ਦਸਤਾਵੇਜ਼ੀ ਸਬੂਤ ਮੌਜੂਦ ਹਨ, ਜੋ ਉਨ੍ਹਾਂ ਵਲੋਂ ਗੋਲੀਕਾਂਡ ਸਮੇਂ ਨਿਭਾਈ ਭੂਮਿਕਾ ਦੀ ਗਵਾਹੀ ਭਰਦੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਉਸ ਸਮੇਂ ਜਲੰਧਰ ਦੇ ਅਡੀਸ਼ਨਲ ਡਿਪਟੀ ਕਮਿਸ਼ਨਰ ਸਨ ਅਤੇ ਡਿਪਟੀ ਕਮਿਸ਼ਨਰ ਦੀ ਗੈਰ ਹਾਜ਼ਰੀ 'ਚ ਜ਼ਿਲਾ ਮੈਜਿਸਟ੍ਰੇਟ ਦੀ ਡਿਊਟੀ ਨਿਭਾ ਰਹੇ ਸਨ। ਜ਼ਿਲਾ ਮੈਜਿਸਟ੍ਰੇਟ ਹੁੰਦਿਆਂ ਹੀ ਗੁਰੂ ਵਲੋਂ ਗੋਲੀਕਾਂਡ 'ਚ ਮਾਰੇ ਗਏ ਨੌਜਵਾਨਾਂ ਦੇ ਪੋਸਟਮਾਰਟਮ ਦੇ ਅਦੇਸ਼ਾਂ 'ਤੇ ਆਪਣੇ ਦਸਤਖਤ ਕੀਤੇ ਸਨ ਜਦਕਿ ਪੁਲਸ ਨੇ ਇਨ੍ਹਾਂ ਨੂੰ ਲਾਵਾਰਿਸ ਤੇ ਅਣਪਛਾਤੀਆਂ ਲਾਸ਼ਾਂ ਕਹਿ ਕੇ ਸਾੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਸੀ.ਆਰ.ਪੀ.ਐੱਫ. ਦੇ ਜਵਾਨਾਂ ਨੇ ਬਿਨਾਂ ਪ੍ਰਵਾਨਗੀ ਗੋਲੀ ਚਲਾਈ ਤਾਂ ਗੁਰੂ ਨੇ ਉਸ ਸਮੇਂ ਫਿਰ ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ। ਨਕੋਦਰ ਗੋਲੀਕਾਂਡ 'ਚ ਮਾਰੇ ਗਏ ਝਿਲਮਣ ਸਿੰਘ ਗੋਰਸੀਆਂ ਦੀ ਭੈਣ ਰਾਜਵਿੰਦਰ ਕੌਰ ਨੇ ਕਿਹਾ ਕਿ ਬੇਅਦਬੀ ਖਿਲਾਫ਼ ਸ਼ਾਂਤੀਪੂਰਵਕ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਨੂੰ ਪੁਲਸ ਨੇ ਫਾਇਰਿੰਗ ਕਰਕੇ ਮਾਰਿਆ ਹੀ ਨਹੀਂ ਬਲਕਿ ਬਾਅਦ 'ਚ ਲਾਸ਼ਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ। ਇਸ ਤੋਂ ਵੱਡਾ ਹੋਰ ਅਨਿਆਂ ਕੀ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਹੁਣ ਪ੍ਰਕਾਸ਼ ਸਿੰਘ ਬਾਦਲ ਵਲੋਂ ਕੀਤੀ ਗਈ ਟਿੱਪਣੀ ਨੇ ਪੀੜਤ ਪਰਿਵਾਰਾਂ ਦੇ ਜ਼ਖਮਾਂ 'ਤੇ ਇਕ ਵਾਰ ਫਿਰ ਨਮਕ ਛਿੜਕਿਆ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਨਕੋਦਰ ਵਰਗੇ ਕਾਂਡ ਤਾਂ ਹੁੰਦੇ ਹੀ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਇਨਸਾਫ਼ ਦੀ ਲੜਾਈ ਜਾਰੀ ਰੱਖਣਗੇ।