ਚੰਡੀਗੜ੍ਹ : ਪੰਜਾਬ ਵਿੱਚ ਆਕਸੀਜਨ ਦੀ ਘਾਟ ਦੇ ਚੱਲਦਿਆਂ ਕਈ ਪ੍ਰਾਈਵੇਟ ਹਸਪਤਾਲਾਂ ਨੇ ਮਰੀਜ਼ਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਹੈ। ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਬਠਿੰਡਾ ਦੇ ਜਿਹੜੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਵਿਡ ਮਰੀਜ਼ ਹਨ ਉੱਥੇ ਆਕਸੀਜਨ ਦੀ ਸਪਲਾਈ ਘੱਟ ਹੋਣ ਕਰਕੇ ਕਈ ਹਸਪਤਾਲਾਂ ਨੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਆਕਸੀਜਨ ਦੀ ਘਾਟ ਨੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ ਅਤੇ ਖ਼ਬਰ ਮੁਤਾਬਕ ਸ਼ਹਿਰ ਦੇ ਨਾਮਦੇਵ ਰੋਡ ਉੱਤੇ ਇੱਕ ਨਿੱਜੀ ਹਸਪਤਾਲ ਨੂੰ 20 ਮਰੀਜ਼ਾਂ ਨੂੰ ਵਾਪਸ ਭੇਜਣਾ ਪਿਆ।
ਉਧਰ ਦੂਜੇ ਪਾਸੇ ਅੰਮ੍ਰਿਤਸਰ ਵਿੱਚ ਵੀ ਨਿੱਜੀ ਹਸਪਤਾਲ ਨੇ ਆਕਸੀਜਨ ਦੀ ਕਮੀ ਦੇ ਚੱਲਦਿਆਂ ਮਰੀਜ਼ਾਂ ਨੂੰ ਦਾਖਲੇ ਤੋਂ ਨਾਂਹ ਕਰ ਦਿੱਤੀ ਹੈ। ਦਿ ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮਾਝਾ ਤੇ ਦੁਆਬਾ ਦੇ 8 ਜ਼ਿਲ੍ਹਿਆਂ ਤੋਂ ਕੋਰੋਨਾ ਦੇ ਮਰੀਜ਼ ਦਾਖਲ ਹਨ ਅਤੇ ਹਸਪਤਾਲ ਨੇ ਕ੍ਰਿਟਿਕਲ ਕੇਅਰ ਵਿੱਚ ਹੋਰ ਮਰੀਜ਼ਾਂ ਦੇ ਦਾਖਲੇ ਨੂੰ ਆਕਸੀਜਨ ਦੀ ਕਮੀ ਅਤੇ ਬੈੱਡ ਨਾ ਹੋਣ ਕਰਕੇ ਨਾਂਹ ਕਰ ਦਿੱਤੀ ਹੈ। ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਰਾਜੀਵ ਕੁਮਾਰ ਦੇਵਗਨ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆ ਰਹੇ ਮਰੀਜ਼ਾਂ ਦਾ ਲੋਡ ਕਿਵੇਂ ਹੈਂਡਲ ਕਰਨਗੇ।