ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵਾਰ ਫਿਰ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ 'ਤੇ ਵੱਡਾ ਹਮਲਾ ਕੀਤਾ ਹੈ। ਕੈਪਟਨ ਨੇ ਸਿੱਧੂ ਨੂੰ ਦੋ-ਟੁੱਕ ਸ਼ਬਦਾਂ 'ਚ ਕਿਹਾ ਹੈ ਕਿ ਸਿੱਧੂ ਲਈ ਉਨ੍ਹਾਂ ਦੇ ਬੂਹੇ ਹੁਣ ਪੂਰੀ ਤਰ੍ਹਾਂ ਬੰਦ ਹਨ। ਅੱਗੇ ਹਾਈਕਮਾਨ ਨੇ ਤੈਅ ਕਰਨਾ ਹੈ। ਕੈਪਟਨ ਨੇ ਕਿਹਾ, ''ਨਵਜੋਤ ਸਿੰਘ ਸਿੱਧੂ ਇੱਕ ਮੌਕਾਪ੍ਰਸਤ ਵਿਅਕਤੀ ਹੈ ਤੇ ਉਹ ਪਟਿਆਲਾ ਤੋਂ ਕੇਜਰੀਵਾਲ ਨਾਲ ਰਲ ਕੇ ਚੋਣ ਲੜਨ ਦੇ ਸੁਫ਼ਨੇ ਦੇਖ ਰਿਹਾ ਹੈ।''
ਉਨ੍ਹਾਂ ਕਿਹਾ ਕਿ ਮੈਨੂੰ ਕਾਂਗਰਸ ਨੇ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਹੈ, ਉਹ ਮੇਰੇ 'ਤੇ ਨਹੀਂ ਅਸਿੱਧੇ ਤੌਰ 'ਤੇ ਮੇਰੀ ਲੀਡਰਸ਼ਿੱਪ 'ਤੇ ਹਮਲਾ ਕਰ ਰਿਹਾ ਹੈ। ਕੈਪਟਨ ਨੇ ਕਿਹਾ ਕਿ ਸਿੱਧੂ ਨੂੰ ਲੱਗਦਾ ਹੈ ਕਿ ਕ੍ਰਿਕਟਰ ਦੇ ਤੌਰ 'ਤੇ ਉਹ ਬੇਹੱਦ ਚਰਚਿਤ ਚਿਹਰਾ ਹੈ ਪਰ ਉਹ ਪੁਰਾਣੀ ਕਹਾਣੀ ਹੈ, ਜਿਸ ਨੂੰ ਕੋਈ ਯਾਦ ਨਹੀਂ ਕਰਦਾ। ਦੂਜਾ ਸਿੱਧੂ ਨੂੰ ਲੱਗਦਾ ਹੈ ਕਿ ਉਹ ਇਕ ਵੱਡਾ ਅਦਾਕਾਰ ਹੈ ਪਰ ਕੀ ਕੁਰਸੀ 'ਤੇ ਬੈਠ ਕੇ ਹੱਸਣਾ ਵੀ ਕੋਈ ਅਦਾਕਾਰੀ ਹੈ।
ਕੈਪਟਨ ਨੇ ਕਿਹਾ ਕਿ ਬੇਸ਼ੱਕ ਸਿੱਧੂ ਇਕ ਚੰਗਾ ਬੁਲਾਰਾ ਹੈ ਪਰ ਉਸ 'ਚ ਠਹਿਰਾਅ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਮੰਤਰਾਲੇ ਤੋਂ ਇਸ ਲਈ ਛੁੱਟੀ ਕੀਤੀ ਗਈ ਸੀ ਕਿਉਂਕਿ 7-7 ਮਹੀਨੇ ਫਾਈਲਾਂ ਨਹੀਂ ਨਿਕਲਦੀਆਂ ਸਨ।
ਕੈਪਟਨ ਨੇ ਕਿਹਾ ਕਿ ਸਿੱਧੂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਕੁਰਸੀ ਜਾਂ ਉਪ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦਾ ਹੈ ਪਰ ਇਹ ਸੰਭਵ ਨਹੀਂ ਹੈ ਕਿਉਂਕਿ ਉਸ ਤੋਂ ਕਈ ਸੀਨੀਅਰ ਆਗੂ ਪਾਰਟੀ 'ਚ ਬੈਠੇ ਹਨ।