ਸੰਗਰੂਰ (ਏਜੰਸੀਆਂ) : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਉਨਾਂ ਦੀ ਜਾਇਦਾਦ ਦੀਆਂ ਫਰਦਾਂ ਦੇਣ ਦੀ ਸੇਵਾ ਹੁਣ ਸੇਵਾ ਕੇਂਦਰਾਂ ਵਿੱਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਿਲ੍ਹਾ ਵਾਸੀ ਹੁਣ ਫਰਦਾਂ ਸੇਵਾ ਕੇਂਦਰਾਂ ਵਿੱਚ ਲੈ ਸਕਣਗੇ। ਸੇਵਾ ਕੇਂਦਰਾਂ ਵਿੱਚ ਇਹ ਸਹੂਲਤ ਸ਼ੁਰੂ ਹੋਣ ਨਾਲ ਬਿਨੈਕਾਰ ਆਪਣੇ ਘਰਾਂ ਦੇ ਨੇੜਲੇ ਸੇਵਾ ਕੇਂਦਰਾਂ ਤੋਂ ਹੀ ਫਰਦਾਂ ਲੈ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪਹਿਲਾਂ ਫਰਦਾਂ ਸਿਰਫ ਫਰਦ ਕੇਂਦਰਾਂ ਵਿੱਚ ਹੀ ਪ੍ਰਾਪਤ ਹੁੰਦੀਆਂ ਸਨ ਜਦਕਿ ਹੁਣ ਫਰਦਾਂ ਜ਼ਿਲ੍ਹੇ ਦੇ ਕਿਸੇ ਵੀ ਸੇਵਾ ਕੇਂਦਰ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ। ਉਨਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ 31 ਸੇਵਾ ਕੇਂਦਰਾਂ ਵਿੱਚ ਫਰਦ ਮੁਹੱਈਆ ਕਰਵਾਉਣ ਦੀਆਂ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ।