ਤਰਨਤਾਰਨ : ਭਾਰਤ-ਪਾਕਿ ਸਰਹੱਦ 'ਤੇ ਸਥਿਤ ਬੀ. ਐਸ. ਐਫ਼. ਦੀ ਬੀ. ਪੀ. ਓ. ਫ਼ਤਿਹਪੁਰ ਨੇੜਿਉਂ ਬੀਤੀ ਰਾਤ ਇਕ ਸ਼ੱਕੀ ਵਿਅਕਤੀ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ. ਐਸ. ਐਫ਼. ਦੇ ਅਧਿਕਾਰੀ ਪ੍ਰਮੋਦ ਮਹਾਜਨ ਨੇ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਲਿਖਤੀ ਪੱਤਰ 'ਚ ਦਸਿਆ ਕਿ ਭਾਰਤ-ਪਾਕਿ ਸਰਹੱਦ ਨੇੜਿਉਂ ਬੀ. ਐਸ. ਐਫ਼. ਦੇ ਜਵਾਨਾਂ ਵਲੋਂ ਗਸ਼ਤ ਦੌਰਾਨ ਇਕ ਸ਼ੱਕੀ ਵਿਅਕਤੀ ਕਾਬੂ ਕੀਤਾ ਗਿਆ, ਜੋ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ, ਜਿਸ ਕੋਲੋਂ ਕੋਈ ਇਤਰਾਜ਼ਯੋਗ ਚੀਜ਼ ਬਰਾਮਦ ਨਹੀਂ ਹੋਈ। ਕਾਬੂ ਕੀਤੇ ਵਿਅਕਤੀ ਦੀ ਪਛਾਣ ਭਗਵੰਤ ਸਨੈਪ (32) ਪੁੱਤਰ ਨਾਮਦੇਵ ਸਨੈਪ ਵਾਸੀ ਦਾਰਾਗੋਨ ਥਾਣਾ ਸਖਰਖੇੜਾ ਤਹਿਸੀਲ ਸਿੰਧਖੇੜਾ ਜ਼ਿਲ੍ਹਾ ਬੁਲਡਾਨਾ ਮਹਾਰਾਸ਼ਟਰ ਵਜੋਂ ਹੋਈ। ਬੀ. ਐਸ. ਐਫ਼. ਵਲੋਂ ਉਸ ਦੇ ਘਰਦਿਆਂ ਨਾਲ ਰਾਬਤਾ ਕਾਇਮ ਕਰਨ ਤੋਂ ਬਾਅਦ ਉਸ ਨੂੰ ਪੁਲਿਸ ਥਾਣਾ ਭਿੰਡੀ ਸੈਦਾਂ ਦੇ ਹਵਾਲੇ ਕੀਤਾ ਗਿਆ।