ਮੁੰਬਈ : ਬਾਲੀਵੁਡ ਦੇ ਮਹਾਨਾਇਕ ਅਮਿਤਾਬ ਬੱਚਨ ਨੂੰ ਪ੍ਰਸਿੱਧ ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਫਿਲਮ ਆਰਕਾਈਵ ਐਵਾਰਡਜ਼ (ਐਫਆਈਏਐਫ) ਨਾਲ ਸਨਮਾਨਤ ਕੀਤਾ ਗਿਆ ਹੈ।
ਹਾਲੀਵੁਡ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸੇ ਅਤੇ ਕ੍ਰਿਸਟੋਫਰ ਨੋਲਨ ਨੇ ਇੱਕ ਵਰਚੁਅਲ ਪ੍ਰੋਗਰਾਮ ਦੌਰਾਨ ਅਮਿਤਾਬ ਬੱਚਨ ਨੂੰ ਐਵਾਰਡ ਦਿੱਤਾ। ਬਿੱਗ ਬੀ ਪਹਿਲੇ ਭਾਰਤੀ ਹਨ, ਜਿਨ੍ਹਾਂ ਨੂੰ ਇਹ ਪੁਰਸਕਾਰ ਦਿੱਤਾ ਗਿਆ।
ਇਸ ਐਵਾਰਡ ਸਮਾਰੋਹ ਦੀਆਂ ਤਸਵੀਰਾਂ ਅਮਿਤਾਬ ਬੱਚਨ ਨੇ ਆਪਣੇ ਇੰਸਟਾ ਅਤੇ ਟਵਿੱਟਰ ਅਕਾਊਂਟ ’ਤੇ ਸ਼ੇਅਰ ਕੀਤੀਆ ਹਨ। ਇਨ੍ਹਾਂ ਦੇ ਨਾਲ ਉਨ੍ਹਾਂ ਨੇ ਲਿਖਿਆ ਕਿ ਐਫਆਈਏਐਫ ਐਵਾਰਡ 2021 ਹਾਸਲ ਕਰਕੇ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਦੇ ਲਈ ਉਨ੍ਹਾਂ ਨੇ ਐਫਆਈਏਐਫ਼ ਅਤੇ ਮਾਰਟਿਨ ਸਕਾਰਸੇਸੇ ਤੇ ਕ੍ਰਿਸਟੋਫਰ ਨੋਲਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਮਾਰਟਿਨ ਨੇ ਅਮਿਤਾਬ ਬੱਚਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜ ਦਹਾਕਿਆਂ ਦੇ ਲੰਬੇ ਕਰੀਅਰ ਵਿੱਚ ਬਿੱਗ ਬੀ ਨੇ ਫਿਲਮ ਵਿਰਾਸਤ ਦੀ ਸੁਰੱਖਿਆ ਲਈ ਅਸਧਾਰਨ ਕੰਮ ਕੀਤਾ ਹੈ।
ਉਨ੍ਹਾਂ ਨੇ ਅਮਿਤਾਬ ਬੱਚਨ ਨਾਲ ਹੋਈ ਇੱਕ ਮੁਲਾਕਾਤ ਨੂੰ ਯਾਦ ਕਰਦੇ ਹੋਏ ਕਿਹਾ ਕਿ ਕੁਝ ਸਾਲ ਪਹਿਲਾਂ ਫਿਲਮ ਹੈਰੀਟੇਜ ਫਾਊਂਡੇਸ਼ਨ ਦੇ ਇੱਕ ਪ੍ਰਗੋਰਾਮ ਵਿੱਚ ਉਨ੍ਹਾਂ ਨੂੰ ਭਾਰਤੀ ਸਿਨੇਮਾ ਦੀ ਪ੍ਰਸਿੱਧ ਹਸਤੀ ਬਿੱਗ ਬੀ ਨੂੰ ਮਿਲਣ ਦਾ ਮੌਕਾ ਮਿਲਿਆ। ਫਿਲਮ ਹੈਰੀਟੇਜ ਫਾਊਂਡੇਸ਼ਨ ਦੇ ਅੰਬੈਸਡਰ ਦੇ ਰੂਪ ਵਿੱਚ ਅਮਿਤਾਬ ਬੱਚਨ ਨੇ ਫਿਲਮਾਂ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਕਾਰਜ ਕੀਤੇ ਹਨ। ਇਹੀ ਕਾਰਨ ਹੈ ਕਿ ਐਫਆਈਏਐਫ਼ ਦੀ ਕਾਰਜਕਾਰੀ ਕਮੇਟੀ ਨੇ ਸਰਬਸੰਮਤੀ ਨਾਲ ਮਿਸਟਰ ਬੱਚਨ ਨੂੰ ਇਸ ਸਾਲ ਦਾ ਪੁਰਸਕਾਰ ਪ੍ਰਦਾਨ ਕਰਨ ਦੇ ਹੱਕ ਵਿੱਚ ਵੋਟ ਪਾਈ।
ਕੰਮ ਦੀ ਗੱਲ ਕਰੀਏ ਤਾਂ ਅਮਿਤਾਬ ਬੱਚਨ ਜਲਦ ਹੀ ਫਿਲਮ ‘ਚੇਹਰੇ’ ਵਿੱਚ ਨਜ਼ਰ ਆਉਣਗੇ। ਫਿਲਮ ਵਿੱਚ ਉਨ੍ਹਾਂ ਨਾਲ ਇਮਰਾਨ ਹਾਸ਼ਮੀ, ਰਿਆ ਚੱਕਰਵਰਤੀ, ਕ੍ਰਿਸਟਲ ਡਿਸੂਜਾ ਸ਼ਾਮਲ ਹੋਣਗੇ। ‘ਚੇਹਰੇ’ ਫਿਲਮ 30 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।