ਧੂਰੀ : ਲੁਧਿਆਣਾ ਤੋਂ ਜਾਖਲ ਵਲ ਜਾ ਰਹੀ ਇਕ ਮਾਲਗੱਡੀ ਦੇ ਦੋ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖ਼ਰਾਬੀ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਦੇ ਕਾਰਨ ਰੇਲਵੇ ਟਰੈਕ ਰੁਕ ਗਿਆ ਹੈ। ਹਾਲਾਂਕਿ ਇਸ ਹਾਦਸੇ 'ਚ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ। ਇਸ ਨਾਲ ਜਿਥੇ ਲੁਧਿਆਣਾ-ਧੂਰੀ-ਜਾਖਲ ਰੂਟ ਪ੍ਰਭਾਵਿਤ ਹੋਇਆ, ਉਥੇ ਹੀ ਸਥਾਨਕ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਦਸੇ ਤੋਂ ਬਾਅਦ ਸ਼ਹਿਰ ਵੀ ਦੋ ਹਿੱਸਿਆਂ 'ਚ ਵੰਡਿਆ ਗਿਆ ਹੈ, ਕਿਉਂਕਿ ਮਾਲ ਗੱਡੀ ਕਾਫ਼ੀ ਲੰਮੀ ਹੋਣ ਕਰ ਕੇ ਸ਼ਹਿਰ ਦੇ ਦੋਵੇਂ ਫਾਟਕ ਬੰਦ ਪਏ ਹਨ, ਜਿਸ ਕਰ ਕੇ ਲੋਕਾਂ ਨੂੰ ਲਾਈਨ ਤੋਂ ਪਾਰ-ਆਉਣ ਜਾਣ 'ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।