ਓਨਟਾਰੀਓ (ਏਜੰਸੀਆਂ) : ਭਾਰਤ ਦੀ ਮੋਦੀ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਵਿਰੁਧ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੂੰਜ ਵਿਦੇਸ਼ਾਂ ਵਿਚ ਤਾਂ ਪੁੱਜ ਹੀ ਚੁੱਕੀ ਹੈ। ਇਸ ਅੰਦੋਲਨ ਦੌਰਾਨ ਹੁਣ ਤੱਕ ਸੈਂਕੜੇ ਕਿਸਾਨਾਂ ਦੀ ਮੌਤ ਚੁੱਕੀ ਹੈ । ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਮੌਤ ਦਾ ਮੁੱਦਾ ਹੁਣ ਕੈਨੇਡਾ ਦੀ ਉਨਟਾਰੀਓ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਹੈ। ਉਨਟਾਰੀਓ ਵਿਧਾਨ ਸਭਾ ਵਿੱਚ ਇਹ ਮਾਮਲਾ ਬਰੈਂਪਟਨ ਈਸਟ ਤੋਂ ਉਨਟਾਰੀਓ ਵਿਧਾਨ ਸਭਾ ਦੇ ਮੈਂਬਰ ਗੁਰਰਤਨ ਸਿੰਘ ਵੱਲੋਂ ਚੁੱਕਿਆ ਗਿਆ। ਇਸ ਸਬੰਧੀ ਨਿਊ ਡੈਮੋਕਰੈਟੀਕ ਪਾਰਟੀ ਦੇ ਆਗੂ ਜਗਮੀਤ ਸਿੰਘ ਦੇ ਭਰਾ ਗੁਰਰਤਨ ਸਿੰਘ ਨੇ ਖੁਦ ਟਵੀਟ ਕਰ ਕੇ ਜਾਣਕਾਰੀ ਦਿੱਤੀ । ਗੁਰਰਤਨ ਸਿੰਘ ਨੇ ਟਵੀਟ ਕਰ ਕੇ ਕਿਸਾਨਾਂ ਨੂੰ ਇੱਕ ਵੀਡੀਓ ਸਾਂਝੀ ਕਰ ਕੇ ਸ਼ਰਧਾਂਜਲੀ ਭੇਂਟ ਕੀਤੀ । ਦੱਸ ਦੇਈਏ ਕਿ ਵਿਧਾਨ ਸਭਾ ਵਿੱਚ ਕਿਸਾਨਾਂ ਦੀ ਗੱਲ ਕਰਦਿਆਂ ਗੁਰਰਤਨ ਸਿੰਘ ਇਸ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਸਨਮਾਨ ਇੱਕ ਮਿੰਟ ਦਾ ਮੌਨ ਰੱਖਣ ਲਈ ਅਪੀਲ ਕੀਤੀ। ਗੁਰਰਤਨ ਦੀ ਇਸ ਅਪੀਲ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਵਲੋਂ ਸਾਰੇ ਮੈਂਬਰਾਂ ਦੀ ਸਹਿਮਤੀ ਲਈ ਗਈ । ਜਿਨ੍ਹਾਂ ਨੇ ਗੁਰਰਤਨ ਨਾਲ ਸਹਿਮਤੀ ਜਤਾਉਂਦੇ ਹੋਏ ਕਿਸਾਨ ਅੰਦੋਲਨ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਨੂੰ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਦਿੱਤੀ।