ਵਾਸ਼ਿੰਗਟਨ (ਏਜੰਸੀਆਂ) : ਅਮਰੀਕੀ ਸਪੇਸ ਏਜੰਸੀ ਨਾਸਾ ਨੂੰ ਲੰਬੇ ਸਮੇਂ ਬਾਅਦ ਆਖ਼ਰ ਸਫ਼ਲਤਾ ਮਿਲ ਹੀ ਗਈ ਹੈ। ਉਸ ਵਲੋਂ ਭੇਜਿਆ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ’ਤੇ ਉਤਰ ਚੁੱਕਾ ਹੈ। ਭਾਰਤੀ ਸਮੇਂ ਅਨੁਸਾਰ ਵੀਰਵਾਰ ਦੇਰ ਰਾਤ ਕਰੀਬ 2 ਵੱਜ ਕੇ 25 ਮਿੰਟ ’ਤੇ ਨਾਸਾ ਦੇ ਰੋਵਰ ਨੇ ਮੰਗਲ ਗ੍ਰਹਿ ’ਤੇ ਲੈਂਡ ਕੀਤਾ। ਨਾਸਾ ਨੇ ਇਸ ਤੋਂ ਬਾਅਦ ਲਾਲ ਗ੍ਰਹਿ ਤੋਂ ਰੋਵਰ ਦੀਆਂ ਪਹਿਲੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। 7 ਮਹੀਨੇ ਪਹਿਲਾਂ ਇਸ ਖਾਸ ਰੋਵਰ ਨੇ ਧਰਤੀ ਤੋਂ ਟੇਕਆਫ਼ ਕੀਤਾ ਸੀ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਭਾਰਤੀ ਸਮੇਂ ਅਨੁਸਾਰ ਕਰੀਬ ਦੋ ਵੱਜ ਕੇ 25 ਮਿੰਟ ’ਤੇ ਰੋਵਰ ਨੇ ਮੰਗਲ ਦੀ ਸਤ੍ਹਾ ਨੂੰ ਛੂਹਿਆ। ਰੋਵਰ ਦੇ ਲਾਲ ਗ੍ਰਹਿ ਦੀ ਸਤ੍ਹਾ ’ਤੇ ਪਹੁੰਚਣ ਦੇ ਤੁਰਤ ਬਾਅਦ ਨਾਸਾ ਨੇ ਉਹ ਪਹਿਲੀ ਤਸਵੀਰ ਵੀ ਜਾਰੀ ਕਰ ਦਿਤੀ ਜਿਸ ਨੂੰ ਮੰਗਲ ਗ੍ਰਹਿ ਦੇ ਰਹੱਸਾਂ ਦੇ ਉਦਘਾਟਨ ਦੀ ਦਿਸ਼ਾ ’ਚ ਇਕ ਇਤਿਹਾਸਕ ਉਪਲਬਧੀ ਕਿਹਾ ਜਾ ਰਿਹਾ ਹੈ।
ਨਾਸਾ ਨੇ ਆਪਣੇ ਟਵਿੱਟਰ ਹੈਂਡਲ ’ਤੇ ਮੰਗਲ ਗ੍ਰਹਿ ’ਤੇ ਪਹੁੰਚੇ ਰੋਵਰ ਦੀ ਤਸਵੀਰ ਜਾਰੀ ਕੀਤੀ। ਇਸ ਦੇ ਨਾਲ ਹੀ ਉਸ ਨੇ ਬੇਹੱਦ ਖ਼ੂਬਸੂਰਤ ਕੈਪਸ਼ਨ ਵੀ ਦਿੱਤੀ ਜਿਸ ਵਿਚ ਲਿਖਿਆ ਗਿਆ ਹੈ- ‘ਹੈਲੋ ਦੁਨੀਆ, ਮੇਰੇ ਆਪਣੇ ਘਰ ਸੇ ਮੇਰਾ ਪਹਿਲਾ ਲੁੱਕ।’