ਕਿਸਾਨ ਵਿਰੋਧੀ ਟਵੀਟ ਕਰਨ ਨੂੰ ਲੈ ਕੇ ਲਗਾਤਾਰ ਹੋ ਰਿਹਾ ਕੰਗਨਾ ਦਾ ਵਿਰੋਧ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁੱਧ ਟਵੀਟ ਕਰਨ ਨੂੰ ਲੈ ਕੇ ਦੇਸ਼ ਭਰ ਵਿਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਕਾਫੀ ਵਿਰੋਧ ਹੋ ਰਿਹਾ ਹੈ। ਇਸ ਦੌਰਾਨ ਬੀਤੇ ਦਿਨੀਂ ਮੱਧ ਪ੍ਰਦੇਸ਼ ਦੇ ਬੈਤੁਲ ਜ਼ਿਲ੍ਹੇ ਵਿਚ ਕੰਗਨਾ ਦੀ ਫ਼ਿਲਮ ਦੀ ਸ਼ੂਟਿੰਗ ਦੌਰਾਨ ਭਾਰੀ ਹੰਗਾਮਾ ਹੋਇਆ। ਇਸ ਦੌਰਾਨ ਕਾਂਗਰਸ ਵਰਕਰਾਂ ਨੇ ਅਦਾਕਾਰਾ ਦਾ ਵਿਰੋਧ ਕੀਤਾ।
ਵਿਰੋਧ ਕਰ ਰਹੇ ਕਾਂਗਰਸੀ ਵਰਕਰਾਂ ‘ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਸ ਦੌਰਾਨ ਵਾਟਰ ਕੈਨਨ ਦੀ ਵਰਤੋਂ ਵੀ ਕੀਤੀ ਗਈ। ਲਾਠੀਚਾਰਜ ਦੌਰਾਨ ਜ਼ਿਲ੍ਹਾ ਮਹਿਲਾ ਕਾਂਗਰਸ ਪ੍ਰਧਾਨ ਸੀਮਾ ਅਤੁਲਕਰ ਸਮੇਤ ਕਈ ਵਰਕਰ ਜ਼ਖਮੀ ਦੱਸੇ ਜਾ ਰਹੇ ਹਨ।
ਦਰਅਸਲ ਕੰਗਨਾ ਅਪਣੀ ਨਵੀਂ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ਲਈ ਮੱਧ ਪ੍ਰਦੇਸ਼ ਪਹੁੰਚੀ ਸੀ। ਕਾਂਗਰਸ ਦਾ ਕਹਿਣਾ ਹੈ ਕਿ ਕੰਗਨਾ ਕਿਸਾਨ ਵਿਰੋਧੀ ਟਵੀਟ ਕਰਨ ਲਈ ਕਿਸਾਨਾਂ ਕੋਲੋਂ ਮੁਆਫੀ ਮੰਗੇ। ਕਾਂਗਰਸ ਆਗੂਆਂ ਨੇ ਕਿਹਾ ਹੈ ਕਿ ਜੇਕਰ ਕੰਗਨਾ ਨੇ ਮੁਆਫੀ ਨਹੀਂ ਮੰਗੀ ਤਾਂ ਅੱਗੇ ਵੀ ਉਸ ਦਾ ਵਿਰੋਧ ਕੀਤਾ ਜਾਵੇਗਾ।
ਇਸ ਦੇ ਚਲਦਿਆਂ ਕੰਗਨਾ ਨੇ ਟਵੀਟ ਕੀਤਾ ਤੇ ਦੱਸਿਆ ਕਿ ਕਾਂਗਰਸ ਵੱਲ਼ੋਂ ਕੀਤੇ ਗਏ ਵਿਰੋਧ ਤੋਂ ਬਾਅਦ ਉਸ ਦੀ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ।
ਕੰਗਨਾ ਨੇ ਲਿਖਿਆ ਕਿ ਕਾਂਗਰਸੀ ਵਿਧਾਇਕ ਕਹਿ ਰਹੇ ਹਨ ਕਿ ਉਹ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਰਹੇ ਹਨ। ਕਿਹੜੇ ਕਿਸਾਨਾਂ ਨੇ ਉਹਨਾਂ ਨੂੰ ਅਜਿਹੀ ਪਾਵਰ ਆਫ ਅਟਾਰਨੀ ਦਿੱਤੀ ਹੈ ਉਹ ਅਪਣੇ ਲਈ ਵਿਰੋਧ ਕਿਉਂ ਨਹੀਂ ਕਰ ਸਕਦੇ?