-14 ਫ਼ਰਵਰੀ ਨੂੰ ਕਾਂਗਰਸ ਤੇ ਅਕਾਲੀ ਦਲ ਨੂੰ ਨਕਾਰ ਦੇਣਗੇ ਮੁਹਾਲੀ ਦੇ ਲੋਕ
-ਪੀਪਲਜ਼ ਵੈਲਫੇਅਰ ਐਸੋਸੀਏਸ਼ਨ ਅਤੇ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ
ਐਸ.ਏ.ਐਸ ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲੋਕਾਂ ਕੋਲੋਂ ਲਗਾਤਾਰ ਮਿਲ ਰਹੇ ਸਹਿਯੋਗ ਤੋਂ ਲੱਗ ਰਿਹਾ ਹੈ ਕਿ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਸਾਰੀਆਂ ਸੀਟਾਂ ਤੋਂ ਰਿਕਾਰਡਤੋੜ ਵੋਟਾਂ ਨਾਲ ਜਿੱਤਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਨੇ ਐਸ.ਏ.ਐਸ ਨਗਰ, ਮੁਹਾਲੀ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਪ੍ਰਚਾਰ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਮੁਹਾਲੀ ਸ਼ਹਿਰ ਦੇ ਲੋਕ ਇਸ ਵਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਿਰਫ ਕਿਰਦਾਰ ਦੇਖ ਕੇ ਹੀ ਵੋਟਾਂ ਪਾਉਣਗੇ, ਕਿਉਂਕਿ ਸ਼ਹਿਰ ਵਾਸੀਆਂ ਨੂੰ ਸ਼ਹਿਰ ਦਾ ਵਿਕਾਸ ਚਾਹੀਦਾ ਹੈ ਅਤੇ ਅਸੀਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਵਿਕਾਸ ਕੰਮਾਂ ਦੇ ਰਿਪੋਰਟ ਕਾਰਡ ਨੂੰ ਘਰ-ਘਰ ਲੈ ਕੇ ਜਾ ਰਹੇ ਹਾਂ। ਉਹਨਾਂ ਕਿਹਾ ਕਿ 14 ਫ਼ਰਵਰੀ ਨੂੰ ਮੁਹਾਲੀ ਦੇ ਲੋਕ ਕਾਂਗਰਸ ਤੇ ਅਕਾਲੀ ਦਲ ਨੂੰ ਨਕਾਰ ਕੇ ਅਜ਼ਾਦ ਗਰੁੱਪ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਫੈਸਲਾ ਕਰ ਚੁੱਕੇ ਹਨ। ਇਸ ਦੌਰਾਨ ਵਾਰਡ ਨੰਬਰ 42 ਦੇ ਵਸਨੀਕਾਂ ਵੱਲੋਂ ਸ. ਕੁਲਵੰਤ ਸਿੰਘ ਦਾ ਲੱਡੂਆਂ ਨਾਲ ਤੋਲ ਕੇ ਸੁਆਗਤ ਕੀਤਾ ਗਿਆ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ ਜਿੱਤਣ ਉਪਰੰਤ ਅਗਲੇ ਪੰਜ ਸਾਲਾਂ ਵਿੱਚ ਮੁਹਾਲੀ ਨੂੰ ਦੇਸ਼ ਦਾ ਸਭ ਤੋਂ ਖ਼ੂਬਸੂਰਤ ਤੇ ਵਿਕਸਿਤ ਸ਼ਹਿਰ ਬਣਾਵਾਂਗੇ। ਉਹਨਾਂ ਕਿਹਾ ਕਿ ਅਸੀਂ ਮੁਹਾਲੀ ਵਾਸੀਆਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ 200 ਫੁੱਟ ਵਾਲੀ ਰੋਡ 'ਤੇ ਫਲਾਈ ਓਵਰ ਬਣਾਵਾਂਗੇ। ਸਾਰੀਆਂ ਪਾਰਕਾਂ ਨੂੰ ਖ਼ੂਬਸੂਰਤ ਦਿੱਖ ਦੇਣ ਲਈ ਲੈਂਡਸਕੇਪਿੰਗ ਕਰਕੇ ਵਧੀਆ ਕਿਸਮ ਦੇ ਬੂਟੇ ਲਗਾਵਾਂਗੇ, ਬੱਚਿਆਂ ਲਈ ਹੋਰ ਨਵੇਂ ਝੂਲਿਆਂ ਦਾ ਪ੍ਰਬੰਧ ਕਰਾਂਗੇ। ਨੌਜਵਾਨਾਂ ਲਈ ਬਾਕੀ ਰਹਿੰਦੀਆਂ ਪਾਰਕਾਂ ਵਿੱਚ ਵੀ ਵਧੀਆ ਕਿਸਮ ਦੇ ਓਪਨ ਏਅਰ ਜਿੰਮ ਸਥਾਪਿਤ ਕਰਾਂਗੇ। ਸ਼ਹਿਰ ਅੰਦਰ ਸਿਟੀ ਬੱਸ ਸਰਵਿਸ ਸ਼ੁਰੂ ਕਰਾਂਗੇ ਅਤੇ ਸਾਈਕਲ ਟਰੈਕ ਬਣਾਵਾਂਗੇ।
ਇਸ ਮੌਕੇ ਵਾਰਡ ਨੰਬਰ 42, ਸੈਕਟਰ 71 ਤੋਂ ਪੀਪਲਜ਼ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ. ਨਿਰਮਲ ਸਿੰਘ ਬਲਿੰਗ ਅਤੇ ਫਾਈਨਾਂਸ ਸੈਕਟਰੀ ਬਚਨ ਸਿੰਘ ਬੋਪਾਰਾਏ ਸਮੇਤ 8 ਮਰਲਾ ਮਕਾਨਾਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ. ਹਰਮਿੰਦਰ ਸਿੰਘ ਸੈਣੀ ਵੱਲੋਂ ਅਜ਼ਾਦ ਗਰੁੱਪ ਦੇ ਮੁਖੀ ਅਤੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ। ਇਹਨਾਂ ਦੋਵੇਂ ਐਸੋਸੀਏਸ਼ਨਾਂ ਦੇ ਸਮਰਥਨ ਮਿਲਣ ਨਾਲ ਵਾਰਡ ਨੰਬਰ 42 ਵਿੱਚ ਸ. ਕੁਲਵੰਤ ਸਿੰਘ ਸਥਿਤੀ ਹੋਰ ਵੀ ਮਜਬੂਤ ਹੋ ਗਈ ਹੈ, ਕਿਉਂਕਿ ਉਕਤ ਐਸੋਸੀਏਸ਼ਨਾਂ ਨਾਲ ਹਜ਼ਾਰਾਂ ਮੈਂਬਰ ਜੁੜੇ ਹੋਏ ਹਨ। ਇਸ ਦੌਰਾਨ ਸ. ਕੁਲਵੰਤ ਸਿੰਘ ਨੇ ਪੀਪਲਜ਼ ਵੈਲਫੇਅਰ ਐਸੋਸੀਏਸ਼ਨ ਅਤੇ 8 ਮਰਲਾ ਮਕਾਨਾਂ ਦੀ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਸਾਰੇ ਆਗੂਆਂ ਤੇ ਮੈਂਬਰਾਂ ਦਾ ਸਮਰਥਨ ਦੇਣ ਬਦਲੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੀਆਂ ਐਸੋਸੀਏਸ਼ਨਾਂ ਅਤੇ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜ਼ਿਲਾ ਸਕੱਤਰ ਪ੍ਰਭਜੋਤ ਕੌਰ, ਅਬਕਿੰਦਰ ਸਿੰਘ ਗੋਸਲ ਅਤੇ ਫੂਲਰਾਜ ਸਿੰਘ ਆਦਿ ਮੌਜੂਦ ਸਨ।