ਸਿਹਤ ਮੰਤਰੀ ਹੋਣ ਦੇ ਬਾਵਜੂਦ ਬਲਬੀਰ ਸਿੱਧੂ ਸਰਕਾਰੀ ਹਸਪਤਾਲ ਦੇ ਤਰਸਯੋਗ ਹਾਲਾਤ ਤਕ ਨਹੀਂ ਸੁਧਾਰ ਸਕੇ: ਕੁਲਵੰਤ ਸਿੰਘ
-ਅਕਾਲੀਆਂ ਤੇ ਕਾਂਗਰਸੀਆਂ ਦੇ ਝੂਠ 'ਤੇ ਯਕੀਨ ਨਹੀਂ ਕਰਨਗੇ ਲੋਕ
ਐਸ.ਏ.ਐਸ ਨਗਰ : ਸਾਬਕਾ ਮੇਅਰ ਅਤੇ ਅਜ਼ਾਦ ਗੁਰੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਸੈਕਟਰ 71 ਵਿਖੇ ਵਾਰਡ ਨੰਬਰ 38 ਅਤੇ ਵਾਰਡ ਨੰਬਰ 42 ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਸਿਹਤ ਮੰਤਰੀ ਹੋਣ ਦੇ ਬਾਵਜੂਦ ਵੀ ਬਲਬੀਰ ਸਿੰਘ ਸਿੱਧੂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸਰਕਾਰੀ ਹਸਪਤਾਲ ਦੇ ਤਰਸਯੋਗ ਹਾਲਾਤ ਤਕ ਨਹੀਂ ਬਦਲ ਸਕੇ। ਉਹਨਾਂ ਕਿਹਾ ਕਿ ਜਿਹੜਾ ਮੰਤਰੀ ਆਪਣੇ ਹੀ ਵਿਭਾਗ ਦੇ ਕੰਮ ਪਿਛਲੇ 4 ਸਾਲਾਂ ਤੋਂ ਆਪਣੇ ਹੀ ਹਲਕੇ ਮੁਹਾਲੀ ਵਿੱਚ ਨਹੀਂ ਕਰਵਾ ਸਕਿਆ, ਉਸ ਕੋਲੋਂ ਸ਼ਹਿਰ ਦੇ ਬਾਕੀ ਵਿਕਾਸ ਦੀ ਕੀ ਆਸ ਰੱਖੀ ਜਾ ਸਕਦੀ ਹੈ। ਪਿਛਲੇ 4 ਸਾਲਾਂ ਤੋਂ ਬਲਬੀਰ ਸਿੱਧੂ ਨੇ ਮੁਹਾਲੀ ਲਈ ਕੋਈ ਵੱਡਾ ਪ੍ਰੋਜੈਕਟ ਲਿਆਉਣ ਦੀ ਬਜਾਏ ਨਗਰ ਨਿਗਮ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਵਿੱਚ ਅੜਿੱਕੇ ਡਾਹੁਣ ਦਾ ਕੰਮ ਹੀ ਕੀਤਾ ਹੈ।
ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੁਹਾਲੀ ਸ਼ਹਿਰ ਦੇ ਲੋਕ ਬਹੁਤ ਹੀ ਸਮਝਦਾਰ ਹਨ ਅਤੇ ਉਹ ਅਕਾਲੀਆਂ ਤੇ ਕਾਂਗਰਸੀਆਂ ਦੇ ਝੂਠਾ ਲਾਰਿਆਂ ਵਿੱਚ ਨਹੀਂ ਆਉਣਗੇ। ਮੁਹਾਲੀ ਦੇ ਲੋਕ ਇਸ ਵਾਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਜ਼ਾਦ ਗੁਰੱਪ ਨੂੰ ਜਿਤਾ ਕੇ ਨਵਾਂ ਇਤਿਹਾਸ ਸਿਰਜਣਗੇ, ਕਿਉਂਕਿ ਪੜ੍ਹੇ ਲਿਖੇ ਤੇ ਅਗਾਹਵਧੂ ਲੋਕ ਪਾਰਟੀ ਨਹੀਂ ਕਿਰਦਾਰ ਦੇਖ ਕੇ ਵੋਟ ਪਾਉਂਦੇ ਹਨ।
ਐਸ.ਏ.ਐਸ ਨਗਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਸ. ਕੁਲਵੰਤ ਸਿੰਘ ਨੇ ਕਿਹਾ ਕਿ ਤੁਸੀਂ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ ਤਾਂ ਜੋ ਅਸੀਂ ਸਾਰੇ ਮਿਲ ਕੇ ਮੁਹਾਲੀ ਸ਼ਹਿਰ ਨੂੰ ਦੇਸ਼ ਦਾ ਸਭ ਤੋਂ ਖ਼ੂਬਸੂਰਤ ਸ਼ਹਿਰ ਬਣਾ ਸਕੀਏ। ਉਹਨਾਂ ਕਿਹਾ ਕਿ ਅਜ਼ਾਦ ਗਰੁੱਪ ਦੇ ਸਾਰੇ ਉਮੀਦਵਾਰ ਸ਼ਹਿਰ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰੇ ਉਤਰਣਗੇ ਅਤੇ ਸ਼ਹਿਰ ਦਾ ਹਰ ਪੱਖੋਂ ਵਿਕਾਸ ਕਰਨਗੇ।