-ਬਲਬੀਰ ਸਿੱਧੂ ਸਾਡੇ ਵੱਲੋਂ ਪਾਸ ਕੀਤੇ ਕੰਮਾਂ ਦੇ ਨੀਂਹ ਪੱਥਰ ਰੱਖ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ
-ਅਜ਼ਾਦ ਗਰੁੱਪ ਸਾਰੀਆਂ ਸੀਟਾਂ 'ਤੇ ਰਿਕਾਰਡਤੋੜ ਜਿੱਤ ਹਾਸਲ ਕਰੇਗਾ
-ਬਲਬੀਰ ਸਿੱਧੂ ਨੇ ਮੁਹਾਲੀ ਦੇ ਵਿਕਾਸ ਲਈ ਪਾਸ ਕੀਤੇ 200 ਟੈਂਡਰ ਰੁਕਵਾਏ
ਐਸ.ਏ.ਐਸ ਨਗਰ : ਸਾਬਕਾ ਮੇਅਰ ਅਤੇ ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਵੱਲੋਂ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪਿਛਲੇ ਪੰਜ ਸਾਲਾਂ ਵਿੱਚ ਬਤੌਰ ਮੇਅਰ ਕਰਵਾਏ ਕੰਮਾਂ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਮੁਹਾਲੀ ਵਾਸੀਆਂ ਲਈ ਸਭ ਤੋਂ ਵੱਡੀ ਸਿਰਦਰਦੀ ਸੀਵਰੇਜ਼ ਦੀਆਂ ਪੁਰਾਣੀਆਂ ਪਾਈਪਾਂ ਸਨ, ਜੋ ਬਰਸਾਤ ਦੌਰਾਨ ਜਾਮ ਹੋ ਜਾਂਦੀਆਂ ਸਨ ਅਤੇ ਸਾਰਾ ਗੰਦਾ ਪਾਣੀ ਸੜਕਾਂ 'ਤੇ ਖੜ੍ਹ ਜਾਂਦਾ ਸੀ। ਉਹਨਾਂ ਦੱਸਿਆ ਕਿ ਇਸ ਵੱਡੀ ਸਮੱਸਿਆ ਦੇ ਹੱਲ ਲਈ ਉਹਨਾਂ ਨੇ ਮੇਅਰ ਬਣਨ ਉਪਰੰਤ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਹੀ ਸ਼ਹਿਰ ਵਿੱਚ ਨਵੀਂਆਂ ਸੀਵਰੇਜ਼ ਪਾਈਪ ਲਾਈਨਾਂ ਵਿਛਾਉਣ ਨੂੰ ਪ੍ਰਵਾਨਗੀ ਦਿੱਤੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪਈਆਂ ਨਵੀਂਆਂ ਪੈਣ ਨਾਲ ਹੁਣ ਸ਼ਹਿਰ ਵਾਸੀਆਂ ਨੂੰ 50 ਤੋਂ 100 ਸਾਲ ਤੱਕ ਸੀਵਰੇਜ਼ ਸੰਬੰਧੀ ਕੋਈ ਸਮੱਸਿਆ ਨਹੀਂ ਆਵੇਗੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਨਵੀਂਆਂ ਸੜਕਾਂ ਦੇ ਨਾਲ-ਨਾਲ ਐਲ.ਈ.ਡੀ ਸਟਰੀਟ ਲਾਈਟਾਂ ਲਗਵਾਈਆਂ ਗਈਆਂ। ਉਹਨਾਂ ਦੱਸਿਆ ਕਿ ਐਲ.ਈ.ਡੀ ਸਟਰੀਟ ਲਾਈਟਾਂ ਅਤੇ ਪਾਰਕਾਂ ਵਿੱਚ ਵੀ ਐਲ.ਈ.ਡੀ ਲਾਈਟਾਂ ਲਗਵਾਉਣ ਵਾਲਾ ਮੁਹਾਲੀ ਪੰਜਾਬ ਦਾ ਸਭ ਤੋਂ ਪਹਿਲਾ ਸ਼ਹਿਰ ਸੀ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਪੀਣ ਲਈ ਸਾਫ ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਵੀ ਪ੍ਰੋਜੈਕਟ ਪਾਸ ਕੀਤਾ ਗਿਆ।
ਸਾਬਕਾ ਮੇਅਰ ਨੇ ਕਿਹਾ ਕਿ ਉਹਨਾਂ ਨੇ ਪਿਛਲੇ ਪੰਜ ਸਾਲਾਂ ਵਿੱਚ ਸ਼ਹਿਰ 'ਚ ਲਗਭਗ 300 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਕਰਵਾਏ ਹਨ, ਪ੍ਰੰਤੂ ਇੱਕ ਵੀ ਨੀਂਹ ਪੱਥਰ ਨਹੀਂ ਲਗਾਇਆ, ਜਦਕਿ ਕਾਂਗਰਸੀ ਮੰਤਰੀ ਬਲਬੀਰ ਸਿੱਧੂ ਨੇ ਬਿਨਾਂ ਕੰਮ ਕਰਵਾਏ ਸ਼ਹਿਰ ਵਿੱਚ ਥਾਂ-ਥਾਂ ਨੀਂਹ ਪੱਥਰ ਲਗਾ ਕੇੇ ਮੁਹਾਲੀ ਦੀ ਖ਼ੂਬਸੂਰਤੀ ਨੂੰ ਵਿਗਾੜਿਆ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ 'ਤੇ ਦੋਸ਼ ਲਗਾਉਂਦਿਆ ਕਿਹਾ ਕਿ ਅਸੀਂ ਨਗਰ ਨਿਗਮ ਮੁਹਾਲੀ ਵੱਲੋਂ ਦਰਖਤ ਛਾਂਗਣ ਲਈ ਅੰਤਰ-ਰਾਸ਼ਟਰੀ ਪੱਧਰ ਦੀ ਮਸ਼ੀਨ ਮੰਗਵਾਈ, ਪ੍ਰੰਤੂ ਬਲਬੀਰ ਸਿੱਧੂ ਵੱਲੋਂ ਅੱਜ ਤੱਕ ਉਹ ਮਸ਼ੀਨ ਨਹੀਂ ਚੱਲਣ ਦਿੱਤੀ ਗਈ। ਉਹਨਾਂ ਕਿਹਾ ਸਾਡੇ ਵੱਲੋਂ ਮੁਹਾਲੀ ਦੇ ਵਿਕਾਸ ਲਈ ਪਾਸ ਕੀਤੇ ਗਏ 200 ਟੈਂਡਰਾਂ ਨੂੰ ਪਹਿਲਾ ਰੁਕਵਾਇਆ ਗਿਆ ਅਤੇ ਹੁਣ ਉਹਨਾਂ ਟੈਂਡਰਾਂ ਦੇ ਵਰਕ ਆਰਡਰ ਜਾਰੀ ਕਰਵਾ ਕੇ ਦਾਅਵਾ ਕਰ ਰਹੇ ਹਨ ਕਿ ਇਹ ਕੰਮ ਮੈਂ ਕਰਵਾਏ ਹਨ, ਜਦਕਿ ਉਹ ਸਾਰੇ ਕੰਮ ਨਗਰ ਨਿਗਮ ਵੱਲੋਂ ਪਾਸ ਕੀਤੇ ਸਨ, ਕਿਉਂਕਿ ਉਹ ਸਾਰੇ ਕੰਮ ਮੰਤਰੀ ਦੇ ਦਾਇਰੇ ਵਿੱਚ ਨਹੀਂ ਸਿਰਫ ਨਗਰ ਨਿਗਮ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਸਨ। ਸਾਬਕਾ ਮੇਅਰ ਨੇ ਕਿਹਾ ਕਿ ਬੜੀ ਹਾਸੋਹੀਣੀ ਗੱਲ ਹੈ ਕਿ ਸੜਕਾਂ ਦੀ ਮੁਰੰਮਤ ਵਾਲੇ ਕੰਮਾਂ ਦੇ ਵੀ ਬਲਬੀਰ ਸਿੱਧੂ ਵੱਲੋਂ ਨੀਂਹ ਪੱਥਰ ਲਗਵਾਏ ਗਏ ਹਨ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਨੇ ਥਾਂ-ਥਾਂ ਨੀਂਹ ਪੱਥਰ ਲਗਾ ਕੇ ਜਿੱਥੇ ਸ਼ਹਿਰ ਦੀ ਖ਼ੂਬਸੂਰਤੀ ਖ਼ਰਾਬ ਕੀਤੀ ਹੈ ਉੱਥੇ ਹੀ ਸਰਕਾਰੀ ਪੈਸੇ ਦੀ ਵੀ ਦੁਰਵਰਤੋਂ ਕੀਤੀ ਹੈ।
ਕੁਲਵੰਤ ਸਿੰਘ ਨੇ ਕਿਹਾ ਕਿ ਬਲਬੀਰ ਸਿੱਧੂ ਨੇ ਵਾਅਦਾ ਕੀਤਾ ਸੀ ਕਿ ਜਿੱਤਣ ਉਪਰੰਤ ਮੈਂ ਸ਼ਹਿਰ ਵਾਸੀਆਂ ਨੂੰ ਪ੍ਰਾਪਰਟੀ ਟੈਕਸ ਤੋਂ ਨਿਜਾਤ ਦਵਾਵਾਂਗਾ, ਪ੍ਰੰਤੂ ਪ੍ਰਾਪਰਟੀ ਟੈਕਸ ਬਾਰੇ 4 ਸਾਲ ਬੀਤਣ ਉਪਰੰਤ ਇੱਕ ਵਾਰ ਵੀ ਵਿਧਾਨ ਸਭਾ ਵਿੱਚ ਅਵਾਜ਼ ਨਹੀਂ ਉਠਾਈ, ਜਦਕਿ ਅਸੀਂ ਨਗਰ ਨਿਗਮ ਵਿੱਚ ਪ੍ਰਾਪਰਟੀ ਟੈਕਸ ਮੁਆਫ਼ੀ ਲਈ ਮਤਾ ਪਾਇਆ ਸੀ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਲਬੀਰ ਸਿੱਧੂ ਖਿਲਾਫ ਦੋਸ਼ ਲਗਾਉਂਦਿਆ ਕਿਹਾ ਕਿ ਮੁਹਾਲੀ ਵਿੱਚ ਗੈਸ ਪਾਈਪਾਂ ਵਿਛਾਉਣ ਦਾ ਕੰਮ ਵੀ ਪ੍ਰੋ. ਚੰਦੂਮਾਜਰਾ ਅਤੇ ਬਲਬੀਰ ਸਿੱਧੂ ਵੱਲੋਂ ਮਿਲੀਭੁਗਤ ਕਰਕੇ ਰੁਕਵਾਇਆ ਗਿਆ ਹੈ ਕਿਉਂਕਿ ਸ਼ਹਿਰ ਵਿੱਚ ਗੈਸ ਪਾਈਪਾਂ ਵਿਛਣ ਨਾਲ ਗੈਸ ਏਜੰਸੀਆਂ ਦੀ ਕਮਾਈ ਘਟਣੀ ਸੀ ਅਤੇ ਸ਼ਹਿਰ ਦੀਆਂ ਗੈਸ ਏਜੰਸੀਆਂ ਵਿੱਚ ਬਲਬੀਰ ਸਿੱਧੂ ਦੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹਿੱਸੇਦਾਰੀ ਹੈ। ਉਹਨਾਂ ਕਿਹਾ ਕਿ ਬਲਬੀਰ ਸਿੱਧੂ ਕੋਰਾ ਝੂਠ ਬੋਲ ਕੇ ਸ਼ਹਿਰ ਵਾਸੀਆਂ ਨੂੰ ਗੁੰਮਰਾਹ ਕਰ ਰਹੇ ਹਨ।
ਅਜ਼ਾਦ ਗਰੁੱਪ ਦੇ ਮੁਖੀ ਸ. ਕੁਲਵੰਤ ਸਿੰਘ ਨੇ ਕਿਹਾ ਕਿ ਅਜ਼ਾਦ ਗਰੁੱਪ ਜਿੱਤਣ ਉਪਰੰਤ ਮੁਹਾਲੀ ਸ਼ਹਿਰ ਵਿੱਚ ਬਾਕੀ ਰਹਿੰਦੇ ਵਿਕਾਸ ਕਾਰਜਾਂ ਨੂੰ ਸੀਮਿਤ ਸਮੇਂ ਵਿੱਚ ਕਰਵਾ ਕੇ ਮੁਹਾਲੀ ਨੂੰ ਦੇਸ਼ ਭਰ ਵਿੱਚੋਂ ਹਰ ਪੱਖੋਂ ਮੋਹਰੀ ਬਣਾਵੇਗਾ। ਉਹਨਾਂ ਕਿਹਾ ਪਿਛਲੇ ਪੰਜ ਸਾਲਾਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਫਾਈ ਪੱਖੋਂ ਦੇਸ਼ ਭਰ 'ਚੋਂ ਮੋਹਰੀ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਅਜ਼ਾਦ ਗਰੁੱਪ ਸਾਰੀਆਂ ਸੀਟਾਂ 'ਤੇ ਰਿਕਾਰਡਤੋੜ ਵੋਟਾਂ ਨਾਲ ਜਿੱਤ ਹਾਸਲ ਕਰੇਗਾ, ਕਿਉਂਕਿ ਸ਼ਹਿਰ ਦੇ ਲੋਕ ਪਾਰਟੀ ਨਹੀਂ ਕਿਰਦਾਰ ਚੁਣਨਗੇ।