ਆਪ ਉਮੀਦਵਾਰਾਂ ਦੇ ਹੱਕ 'ਚ ਅਨਮੋਲ ਗਗਨ ਮਾਨ ਨੇ ਕੀਤਾ ਚੋਣ ਪ੍ਰਚਾਰ
ਮੋਹਾਲੀ : ਆਮ ਆਦਮੀ ਪਾਰਟੀ, ਪੰਜਾਬ ਦੀ ਯੂਥ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਤੋਂ ਬੁਰੀ ਤਰਾਂ੍ਹ ਅੱਕ ਚੁੱਕੇ ਹਨ ਅਤੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਬਦਲਾਅ ਲਿਆਉਣਾ ਚਾਹੁੰਦੇ ਹਨ, ਕਿਉਂਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਹੈ।
ਅਨਮੋਲ ਗਗਨ ਮਾਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਸਾਰੀਆਂ ਸੀਟਾਂ 'ਤੇ ਰਿਕਾਰਡਤੋੜ ਜਿੱਤ ਹਾਸਲ ਕਰਨਗੇ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਅਕਾਲੀਆਂ ਵੱਲੋਂ ਕੀਤੀ ਗਈ ਗੁੰਡਾਗਰਦੀ ਨੂੰ ਅੱਗੇ ਵਧਾਇਆ ਹੈ ਜਿਸ ਕਾਰਨ ਸਮੂਹ ਪੰਜਾਬੀ ਇਸ ਸਮੇਂ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੱਤਰ ਸਾਲ ਬੀਤ ਜਾਣ ਤੋਂ ਬਾਅਦ ਵੀ ਅਕਾਲੀਆਂ ਅਤੇ ਕਾਂਗਰਸੀਆਂ ਨੇ ਸ਼ਹਿਰੀਆਂ ਨੂੰ ਅਜੇ ਵੀ ਮੁਢਲੀਆਂ ਸਹੂਲਤਾਂ ਨਹੀਂ ਪ੍ਰਦਾਨ ਕੀਤੀਆ ਹਨ।
ਅਨਮੋਲ ਨੇ ਕਿਹਾ ਕਿ ਮੌਜੂਦਾ ਸ਼ਹਿਰੀ ਚੋਣਾਂ ਵਿੱਚ ਵੋਟਰ ਅਕਾਲੀਆਂ ਦੀ ਗੁੰਡਾਗਰਦੀ ਅਤੇ ਕਾਂਗਰਸੀਆਂ ਦੇ ਭ੍ਰਿਸ਼ਟਾਚਾਰ ਅਤੇ ਨਾਕਾਮੀਆਂ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸੀ ਘਟੀਆ ਰਾਜਨੀਤੀ ਕਰ ਰਹੇ ਹਨ ਅਤੇ ਵਿਰੋਧੀ ਉਮੀਦਵਾਰ ਦੇ ਕਾਗਜ਼ ਕਾਗਜ਼ ਤਕ ਰੱਦ ਕਰਵਾ ਰਹੇ ਹਨ ਜਿਸ ਦਾ ਖਮਿਆਜ਼ਾ ਕਾਂਗਰਸੀਆਂ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਭੁਗਤਣਾ ਪਵੇਗਾ।
ਉਨ੍ਹਾਂ ਕਿਹਾ ਕਿ ਪੰਜਾਬੀ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਕਾਹਲੇ ਹਨ ਤਾਂ ਜੋ ਉਹ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵਾਂਗ ਸਿੱਖਿਆ ਸਿਹਤ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਪੜ੍ਹੇ ਲਿਖੇ ਅਤੇ ਈਮਾਨਦਾਰ ਲੋਕ ਸਰਕਾਰ ਵਿਚ ਆਉਣਗੇ ਤਾਂ ਹਰ ਵਰਗ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇਗਾ।
ਅਨਮੋਲ ਗਗਨ ਮਾਨ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਦੇ ਵਿਕਾਸ ਲਈ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।