ਅਜ਼ਾਦ ਗਰੁੱਪ ਦੇ ਹੱਕ 'ਚ ਅਨਮੋਲ ਗਗਨ ਮਾਨ ਨੇ ਕੀਤਾ ਚੋਣ ਪ੍ਰਚਾਰ
ਐਸ.ਏ.ਐਸ ਨਗਰ : ਆਜ਼ਾਦ ਗਰੁੱਪ ਦੇ ਮੁਖੀ 'ਤੇ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਅਤੇ ਆਮ ਆਦਮੀ ਪਾਰਟੀ, ਪੰਜਾਬ ਦੀ ਯੂਥ ਸਹਿ ਪ੍ਰਧਾਨ ਅਨਮੋਲ ਗਗਨ ਮਾਨ ਵੱਲੋਂ ਅੱਜ ਆਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਦੇ ਹੱਕ 'ਚ ਸੋਹਾਣਾ ਦੇ ਵਾਰਡ ਨੰਬਰ 32 ਤੋਂ ਸੁਰਿੰਦਰ ਸਿੰਘ ਰੋਡਾ, ਵਾਰਡ ਨੰਬਰ 33 ਤੋਂ ਹਰਜਿੰਦਰ ਕੌਰ ਸੋਹਾਣਾ ਅਤੇ ਵਾਰਡ ਨੰਬਰ 34 ਤੋਂ ਸੁਖਦੇਵ ਸਿੰਘ ਪਟਵਾਰੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਸੰਬੋਧਨ ਕਰਦਿਆਂ ਅਨਮੋਲ ਗਗਨ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਅਤੇ ਕਾਂਗਰਸ ਤੋਂ ਬੁਰੀ ਤਰਾਂ੍ਹ ਅੱਕ ਚੁੱਕੇ ਹਨ ਅਤੇ ਇਹਨਾਂ ਰਵਾਇਤੀ ਪਾਰਟੀਆਂ ਨੂੰ ਨਕਾਰ ਕੇ ਬਦਲਾਅ ਲਿਆਉਣਾ ਚਾਹੁੰਦੇ ਹਨ, ਕਿਉਂਕਿ ਅਕਾਲੀਆਂ ਅਤੇ ਕਾਂਗਰਸੀਆਂ ਨੇ ਵਾਰੋ-ਵਾਰੀ ਪੰਜਾਬ ਨੂੰ ਲੁੱਟਿਆ ਹੈ।
ਅਨਮੋਲ ਗਗਨ ਮਾਨ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਹਾਲੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰ ਸਾਰੀਆਂ ਸੀਟਾਂ 'ਤੇ ਰਿਕਾਰਡਤੋੜ ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਜਦੋਂ ਕੋਰੋਨਾ ਆਫਤ ਸਮੇਂ ਇੱਕ ਪਾਸੇ ਬਲਬੀਰ ਸਿੱਧੂ ਨੇ ਲੋਕਾਂ ਦੀ ਸਾਰ ਤੱਕ ਨਹੀਂ ਲਈ, ਜਦਕਿ ਦੂਜੇ ਪਾਸੇ ਸਾਫ ਸੁਥਰੇ ਅਕਸ ਅਤੇ ਉੱਚੇ ਕਿਰਦਾਰ ਵਾਲੇ ਸਾਬਕਾ ਮੇਅਰ ਸ. ਕੁਲਵੰਤ ਸਿੰਘ ਹਰ ਲੋੜਵੰਦ ਵਿਅਕਤੀ ਦੀ ਮੱਦਦ ਕੀਤੀ। ਉਹਨਾਂ ਕਿਹਾ ਕਿ ਇੱਕ ਪਾਸੇ ਸ. ਕੁਲਵੰਤ ਸਿੰਘ ਹਨ ਜਿਹਨਾਂ ਵੱਲੋਂ ਬਤੌਰ ਮੇਅਰ ਪਿਛਲੇ ਪੰਜ ਸਾਲਾਂ ਵਿੱਚ ਮੁਹਾਲੀ ਵਿੱਚ ਰਿਕਾਰਡਤੋੜ ਵਿਕਾਸ ਕੀਤਾ ਗਿਆ ਜੋ ਸਭ ਦੇ ਸਾਹਮਣੇ ਹੈ, ਪ੍ਰੰਤੂ ਦੂਜੇ ਪਾਸੇ ਬਲਬੀਤ ਸਿੰਘ ਸਿੱਧੂ ਹਨ ਜਿਹਨਾਂ ਨੂੰ ਮੁਹਾਲੀ ਵਾਸੀਆਂ ਨੇ 3 ਵਾਰ ਜਿਤਾਇਆ ਪ੍ਰੰਤੂ ਉਹਨਾਂ ਦੇ ਮੁਹਾਲੀ ਲਈ ਇੱਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਬਲਕਿ ਸਿਰਫ ਸ਼ਹਿਰ ਵਿੱਚ ਮਾਫ਼ੀਆ ਫੈਲਾਇਆ। ਅਨਮੋਲ ਗਗਨ ਮਾਨ ਨੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁਹਾਲੀ ਦੇ ਵਿਕਾਸ ਲਈ ਅਜ਼ਾਦ ਗਰੁੱਪ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਓ।
ਇਸ ਮੌਕੇ ਆਜ਼ਾਦ ਗਰੁੱਪ ਦੇ ਮੁੱਖ ਬੁਲਾਰੇ ਪਰਵਿੰਦਰ ਸਿੰਘ ਸੋਹਾਣਾ, ਸੀਨੀਅਰ ਆਗੂ ਫੂਲਰਾਜ ਸਿੰਘ, ਅਕਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਨੇਕਾਂ ਸ਼ਖ਼ਸੀਅਤਾਂ ਸ਼ਾਮਿਲ ਸਨ।