ਚੰਡੀਗੜ : ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਵੱਲੋਂ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਲਈ ਡੇਰਾਬੱਸੀ ਅਤੇ ਰੋਪੜ ਵਿੱਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਭਰਾਵਾਂ ਹੁੰਗਾਰਾ ਦਿੱਤਾ। ਰਾਘਵ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਸਰਕਾਰਾਂ ਵਿੱਚ ਭਿ੍ਰਸ਼ਟਾਚਾਰ ਖਤਮ ਕਰਨ ਲਈ, ਸ਼ਹਿਰਾਂ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ ਜਿਤਾਉਣ। ਇਸ ਦੌਰਾਨ ਰਾਘਵ ਚੱਢਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੇ ਖੇਤਰ, ਸ਼ਹਿਰ, ਪਿੰਡਾਂ ਦੇ ਵਿਕਾਸ ਦੇ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਮੌਕਾ ਦਿੰਦੇ ਰਹੇ, ਪ੍ਰੰਤੂ ਇਨਾਂ ਪਾਰਟੀਆਂ ਨੇ ਲੋਕਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਨਾਂ ਰਿਵਾਇਤੀ ਪਾਰਟੀਆਂ ਨੇ ਲੋਕ ਨਾਲ ਵਿਸ਼ਵਾਸਘਾਤ ਕਰਦੇ ਹੋਏ ਆਪਣੇ ਹੀ ਘਰ ਭਰੇ ਹਨ। ਲੋਕਾਂ ਦਾ ਇਨਾਂ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਹੁਣ ਆਮ ਆਦਮੀ ਪਾਰਟੀ ਉਤੇ ਭਰੋਸਾ ਹੈ।
ਉਨਾਂ ਕਿਹਾ ਕਿ ਲੋਕਾਂ ਨੇ ਬਾਦਲ, ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਇਨਾਂ ਦੀਆਂ ਘਟੀਆਂ ਨੀਤੀਆਂ ਨੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਪੰਜਾਬ ’ਚ ਹਰ ਤਰਾਂ ਦਾ ਮਾਫੀਆ ਚਲਦਾ ਰਿਹਾ, ਲੋਕਾਂ ਨੂੰ ਇਸ ਮਾਫੀਏ ਨੂੰ ਰੋਕਣ ਦੇ ਲਈ ਕੈਪਟਨ ਨੂੰ ਸੱਤਾ ਸੌਂਪੀ, ਪ੍ਰੰਤੂ ਕੈਪਟਨ ਸਾਹਿਬ ਵੀ ਇਸ ਮਾਫੀਏ ਦਾ ਸਰਗਣਾ ਬਣ ਗਏ, ਜਿਸ ਦੀ ਨਿਗਰਾਨੀ ਵਿਚ ਇਹ ਸਭ ਕੁਝ ਚਲ ਰਿਹਾ ਹੈ। ਬਦਲਿਆ ਹੈ ਤਾਂ ਸਿਰਫ ਇਹ ਬਦਲਿਆ ਕਿ ਹੁਣ ਕਮਿਸ਼ਨ ਬਾਦਲਾਂ ਦੀ ਬਜਾਏ ਕੈਪਟਨ ਸਾਹਿਬ, ਕਾਂਗਰਸੀ ਆਗੂਆਂ ਅਤੇ ਉਨਾਂ ਦੇ ਚਹੇਤਿਆਂ ਕੋਲ ਜਾਂਦਾ ਹੈ। ਉਨਾਂ ਕਿਹਾ ਕਿ ਪਿਛਲੇ ਦਿਨੀਂ ਇਕ ਮੀਡੀਆ ਗਰੁੱਪ ਵੱਲੋਂ ਕੀਤੇ ਗਏ ਸਰਵੇਖਣ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਸਲੀਅਤ ਸਾਹਮਣੇ ਲਿਆ ਦਿੱਤੀ ਹੈ। ਇਸ ਸਰਵੇਖਣ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ ਕੈਪਟਨ ਇੱਕ ਆਲਸੀ ਮੁੱਖ ਮੰਤਰੀ ਵਜੋਂ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਸੂਬੇ ਦੇ ਹਾਲਾਤਾਂ ਬਾਰੇ ਕੁਝ ਪਤਾ ਨਹੀਂ ਹੈ। ਉਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਤਾਂ ਅਸਲ ਵਿਚ ਇਹ ਹੈ ਕਿ ਪੰਜਾਬ ਦੀ ਸਰਕਾਰ ਨੂੰ ਇਸ ਸਮੇਂ ਸੂਬੇ ਦਾ ਇੱਕ ਰਿਟਾਇਰ ਅਧਿਕਾਰੀ ਚਲਾ ਰਿਹਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਖੁਦ ਆਪਣੇ ਫਾਰਮ ਹਾਊਸ ਵਿਚ ਆਰਾਮ ਫਰਮਾ ਰਹੇ ਹਨ।
ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਅਜਿਹਾ ਸ਼ਾਸਨ ਕਦੇ ਵੀ ਨਹੀਂ ਚਾਹੁੰਦੇ ਸਨ, ਜਿਸ ਵਿਚ ਮਾਫੀਆ ਦਾ ਰਾਜ ਚਲਦਾ ਹੋਵੇ। ਉਨਾਂ ਕਿਹਾ ਕਿ ਅੱਜ ਪੰਜਾਬ ਸੰਪਤੀ ਨੂੰ ਲੁੱਟਕੇ ਕਾਂਗਰਸੀ ਮੰਤਰੀ, ਆਗੂ ਅਤੇ ਉਨਾਂ ਦੇ ਚਹੇਤੇ ਆਪਣੀਆਂ ਤਿਜੌਰੀਆਂ ਭਰ ਰਹੇ ਹਨ। ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਵਿਵਸਥਾ ਬਿਲਕੁੱਲ ਬਰਬਾਦ ਹੋ ਚੁੱਕੀ ਹੋਵੇ।
ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਇਕ ਆਸ ਦੀ ਕਿਰਨ ਲੈ ਕੇ ਆਈ ਹੈ। ਲੋਕਾਂ ਦਾ ਹੁਣ ਰਿਵਾਇਤੀ ਪਾਰਟੀਆਂ ਤੋਂ ਵਿਸ਼ਵਾਸ ਉਠ ਚੁੱਕਿਆ ਹੈ, ਸਿਰਫ ‘ਆਪ’ ਉਤੇ ਹੀ ਭਰੋਸਾ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਉੱਤੇ ਖਰੀ ਉਤਰ ਸਕਦੀ ਹੈ। ਉਨਾਂ ਕਿਹਾ ਕਿ ਲੋਕ ਆਉਂਦੀਆਂ ਚੋਣਾਂ ਵਿੱਚ ਅਕਾਲੀ, ਭਾਜਪਾ ਅਤੇ ਕਾਂਗਰਸ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦਾ ਮਾਡਲ ਪੰਜਾਬ ਵਿੱਚ ਲਾਗੂ ਕੀਤਾ ਜਾਵੇਗਾ। ਪੰਜਾਬ ਦੀ ਸਿੱਖਿਆ, ਸਿਹਤ ਅਤੇ ਹੋਰ ਖੇਤਰ ਵਿੱਚ ਕੰਮਾਂ ਕਰਦੇ ਹੋਏ ਸਰਕਾਰੀ ਅਦਾਰਿਆਂ ਨੂੰ ਮਜ਼ਬੂਤ ਕੀਤਾ ਜਾਵੇਗਾ।