Saturday, November 23, 2024
 

ਪੰਜਾਬ

ਕੇਂਦਰੀ ਬਜਟ ਕਿਸਾਨ ਵਿਰੋਧੀ, ਗਰੀਬ ਵਿਰੋਧੀ ਤੇ ਆਮ ਆਦਮੀ ਵਿਰੋਧੀ : ਸੁਖਬੀਰ ਸਿੰਘ ਬਾਦਲ

February 01, 2021 06:04 PM

ਕਿਹਾ ਕਿ ਬਜਟ ਵਿਚ ਮੁੱਖ ਜ਼ੋਰ ਕੌਮੀ ਜਾਇਦਾਦਾਂ ਕੇਂਦਰ ਸਰਕਾਰ ਦੇ ਮਿੱਤਰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ’ਤੇ ਦਿੱਤਾ ਗਿਆ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ 2021 ਦਾ ਕੇਂਦਰੀ ਬਜਟ ਕਿਸਾਨ ਵਿਰੋਧੀ, ਗਰੀਬ ਵਿਰੋਧੀ ਤੇ ਆਮ ਆਦਮੀ ਵਿਰੋਧੀ ਹੈ ਤੇ ਇਸਦਾ ਸਾਰਾ ਜ਼ੋਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕੌਮੀ ਜਾਇਦਾਦ ਇਸਦੇ ਕਾਰਪੋਰੇਟ ਮਿੱਤਰਾਂ ਨੂੰ ਵੇਚਣ ’ਤੇ ਦਿੱਤਾ ਗਿਆ ਹੈ।

ਕੇਂਦਰੀ ਬਜਟ ’ਤੇ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਜਟ ਵਿਚ ਤਿੰਨ ਖੇਤੀ ਕਾਨੂੰਨਾਂ ਦਾ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਕਰ ਰਹੇ ਪੰਜਾਬੀਆਂ ਨੂੰ ਸਜ਼ਾ ਦਿੱਤੀ ਗਈ ਹੈ ਕਿਉਂਕਿ ਇਸ ਵਿਚ ਸੂਬੇ ਵਾਸਤੇ ਕੁਝ ਵੀ ਨਹੀਂ ਰੱਖਿਆ ਗਿਆ।
ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਦੋਂ ਜ਼ਰੂਰਤ ਕਿਸਾਨਾਂ ਅਤੇ ਸਮਾਜ ਦੇ ਹੋਰ ਕਮਜ਼ੋਰ ਵਰਗਾਂ ਦੇ ਖਾਤੇ ਵਿਚ ਸਿੱਧੇ ਪਾਏ ਜਾ ਰਹੇ ਪੈਸੇ ਦੀ ਰਾਸ਼ੀ ਵਧਾਉਣ ਦੀ ਸੀ ਤਾਂ ਉਸ ਵੇਲੇ ਐਨ ਡੀ ਏ ਸਰਕਾਰ ਦਾ ਸਾਰਾ ਧਿਆਨ ਜਨਤਕ ਖੇਤਰ ਦੇ ਅਦਾਰਿਆਂ ਦੇ ਵਿਨਿਵੇਸ਼ ’ਤੇ ਲੱਗਾ ਹੈ। ਉਹਨਾਂ ਕਿਹਾ ਕਿ ਇਸ ਨਾਲ ਪੂੰਜੀਵਾਦ ਨੂੰ ਹੋਰ ਹੁਲਾਰਾ ਮਿਲੇਗਾ ਕਿਉਂਕਿ ਕਾਰਪੋਰੇਟ ਖਿਡਾਰੀ ਸਸਤੀਆਂ ਦਰਾਂ ’ਤੇ ਜਨਤਕ ਖੇਤਰ ਦੇ ਇਹ ਅਦਾਰੇ ਖਰੀਦ ਲੈਣਗੇ।

 

ਸ੍ਰੀ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਕੁਝ ਰਾਜਾਂ ਜਿਥੇ ਚੋਣਾਂ ਹੋਣ ਵਾਲੀਆਂ ਹਨ, ਨੂੰ ਧਿਆਨ ਵਿਚ ਰੱਖਦਿਆਂ ਚੋਣ ਬਜਟ ਪੇਸ਼ ਕਰਨ ਤੋਂ  ਟਾਲਾ ਵੱਟਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਇਕਪਾਸੜ ਵਿਕਾਸ ਦਾ ਮੁੱਢ ਬਝੇਗਾ ਜੋ ਕੌਮੀ ਹਿੱਤਾ ਵਿਚ ਨਹੀਂ ਹੈ।

ਉਹਨਾਂ ਨੇ ਸਰਕਾਰ ਨੂੰ ਇਹ ਵੀ ਆਖਿਆ ਕਿ ਉਹ ਡਿਜੀਟਲ ਬਜਟ ਤੇ ਆਤਮ ਨਿਰਭਰ ਵਰਗੇ ਸ਼ਬਦਾਂ ਦੀ ਬਦੌਲਤ ਹਊਆ ਖੜ੍ਹਾ ਕਰਨ ਤੋਂ ਵੀ ਗੁਰੇਜ਼ ਕਰੇ ਕਿਉਂਕਿ ਜ਼ਮੀਨੀ ਹਾਲਾਤ ਬਹੁਤ ਵੱਖਰੇ ਹਨ। ਉਹਨਾਂ ਕਿਹਾ ਕਿ ਕਿਸਾਨਾਂ, ਗਰੀਬਾਂ ਤੇ ਮੱਧ ਵਰਗ ਸਮੇਤ ਵੱਡੀ ਗਿਣਤੀ ਵਿਚ ਲੋਕਾਂ ਦਾ ਮੌਜੂਦਾ ਬਜਟ ਵਿਚ ਕੋਈ ਖਿਆਲ ਨਹੀਂ ਰੱਖਿਆ ਗਿਆ।

ਇਸ ਤੋਂ ਪਹਿਲਾਂ ਦਿਨ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਪਾਰਟੀ ਦੇ ਐਮ ਪੀ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨਾਲ ਰਲ ਕੇ ਲੋਕ ਸਭਾ ਵਿਚ ਉਦੋਂ ਸਖ਼ਤ ਰੋਸ ਜਤਾਇਆ ਜਦੋਂ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਬਜਟ ਪੇਸ਼ ਕਰਨ ਲਈ ਖੜ੍ਹੇ ਹੋਏ। ਅਕਾਲੀ ਆਗੂਆਂ ਨੇ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਪਹਿਲਾਂ ਕਿਸਾਨਾਂ ਦੀਆਂ ਚਿੰਤਾਵਾਂ ਹੱਲ ਕਰਨ ਕਿਉਂਕਿ ਕਈ ਮਹੀਨਿਆਂ ਤੋਂ ਤਿੰਨ ਨਫਰਤ ਭਰੇ ਕੇਂਦਰੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਦੇ ਬਾਵਜੂਦ ਅੰਨਦਾਤਾ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਜਦੋਂ ਪਾਰਟੀ ਦੀ ਇਹ ਮੰਗ ਮੰਨੀ ਨਾ ਗਈ ਤਾਂ ਦੋਹਾਂ ਸੰਸਦ ਮੈਂਬਰਾਂ ਨੇ ਵਾਕ ਆਊਟ ਕਰ ਦਿੱਤਾ।

 

Have something to say? Post your comment

Subscribe