ਬਰੈਂਪਟਨ (ਏਜੰਸੀ) : ਇਥੋਂ ਦੇ ਇਕ ਹਿੰਦੂ ਮੰਦਰ ਦੇ ਪ੍ਰਧਾਨ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਢਾਈ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨਟਾਰੀਓ ਦੀ ਅਦਾਲਤ ਨੇ ਇਸ ਗ਼ੈਰਸਾਧਾਰਣ ਮਾਮਲੇ ਵਿਚ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਮੰਦਰ ਦੇ ਮੁੱਖ ਪੁਜਾਰੀ ਅਭੈ ਦੇਵ ਸ਼ਰਮਾ ਨੇ ਪੀੜਤ ਮਹਿਲਾ ਨੂੰ ਪੈਸਿਆਂ ਦਾ ਲਾਲਚ ਵੀ ਦਿੱਤਾ ਤਾਂ ਜੋ ਉਹ ਆਪਣਾ ਮੂੰਹ ਨਾ ਖੋਲ੍ਹੇ। ਇਕ ਰਿਪੋਰਟ ਮੁਤਾਬਕ ਪ੍ਰਵੀਨ ਸ਼ਰਮਾ ਨੇ ਅਗਸਤ 2015 ਵਿਚ 25 ਸਾਲ ਦੀ ਇਕ ਮਹਿਲਾ ਨੂੰ ਆਪਣੀ ਬੇਸਮੈਂਟ ਕਿਰਾਏ 'ਤੇ ਦਿੱਤੀ ਸੀ। ਦੋਵੇਂ ਜਣੇ ਮੰਦਰ ਵਿਚ ਹੀ ਮਿਲੇ ਸਨ ਅਤੇ ਕਾਫ਼ੀ ਘੁਲ-ਮਿਲ ਗਏ। ਫਿਰ 2 ਅਕਤੂਬਰ ਨੂੰ ਸ਼ਰਮਾ ਕਥਿਤ ਤੌਰ 'ਤੇ ਮਹਿਲਾ ਦੀ ਬੇਸਮੈਂਟ ਵਿਚ ਗਿਆ ਅਤੇ ਉਸ ਦੇ ਕੱਪੜੇ ਉਤਾਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਵੱਲੋਂ ਸਖ਼ਤ ਵਿਰੋਧ ਕਰਨ 'ਤੇ ਸ਼ਰਮਾ ਉਥੋਂ ਚਲਾ ਗਿਆ ਪਰ ਅਗਲੇ ਦਿਨ ਮੁੜ ਬੇਸਮੈਂਟ ਵਿਚ ਗਿਆ ਅਤੇ ਜਬਰ-ਜਨਾਹ ਕੀਤਾ। ਮਹਿਲਾ ਨੇ ਅਦਾਲਤ ਵਿਚ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਹ ਮਾਨਸਿਕ ਤੌਰ 'ਤੇ ਟੁੱਟ ਗਈ। ਅਦਾਲਤ ਨੇ ਕਿਹਾ ਕਿ ਕੈਨੇਡਾ ਵਿਚ ਬਲਾਤਕਾਰ ਵਰਗੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਧਾਰਮਿਕ ਆਗੂ ਨੇ ਪੈਸੇ ਦੇ ਜ਼ੋਰ 'ਤੇ ਆਪਣੇ ਵਿਰੁੱਧ ਲੱਗੇ ਦੋਸ਼ ਖ਼ਤਮ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਮੁਕੱਦਮੇ ਦੀ ਸੁਣਵਾਈ ਦੌਰਾਨ ਪੀੜਤ ਨੇ ਦੋਸ਼ ਲਾਇਆ ਕਿ ਅਦਾਲਤੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਮੰਦਰ ਦਾ ਪੁਜਾਰੀ ਉਸ ਨੂੰ ਮਿਲਿਆ ਅਤੇ ਕਿਹਾ ਕਿ ਜੇ ਉਹ ਦੋਸ਼ ਵਾਪਸ ਲੈ ਲਵੇ ਤਾਂ ਪ੍ਰਵੀਨ ਸ਼ਰਮਾ ਮੁਆਵਜ਼ਾ ਦੇਣ ਲਈ ਤਿਆਰ ਹੈ।
ਉਧਰ ਪੁਜਾਰੀ ਅਭੈ ਦੇਵ ਸ਼ਰਮਾ ਨੇ ਬਿਆਨ ਦਰਜ ਕਰਵਾਏ ਕਿ ਪੀੜਤ ਨੇ ਦੋਸ਼ ਵਾਪਸ ਲੈਣ ਦੇ ਇਵਜ਼ ਵਿਚ 50 ਹਜ਼ਾਰ ਡਾਲਰ ਦੀ ਮੰਗ ਕੀਤੀ ਸੀ ਅਤੇ ਪੀੜਤ ਨਾਲ ਮੁਲਾਕਾਤ ਦੌਰਾਨ ਉਸ ਨੂੰ ਦੋਸ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੋਹਾਂ ਧਿਰਾਂ ਦੀਆਂ ਦਲੀਲਾਂ 'ਤੇ ਗੌਰ ਕਰਨ ਮਗਰੋਂ ਜਸਟਿਸ ਜੈਨੀਫ਼ਰ ਵੂਲਕੌਂਬ ਨੇ ਲਿਖਤੀ ਫ਼ੈਸਲੇ ਵਿਚ ਕਿਹਾ, ''ਅਦਾਲਤ ਵਿਚ ਪੇਸ਼ ਤੱਥ ਬੇਹੱਦ ਹੈਰਾਨਕੁੰਨ ਹਨ ਅਤੇ ਇਨ੍ਹਾਂ ਦੇ ਆਧਾਰ 'ਤੇ ਸਹੀ-ਸਹੀ ਅੰਦਾਜ਼ਾ ਲਾਉਣਾ ਮੁਸ਼ਕਲ ਹੈ ਕਿ ਅਸਲ ਵਿਚ ਹੋਇਆ ਕੀ ਸੀ।'' ਜਸਟਿਸ ਵੂਲਕੌਂਬ ਨੇ ਕਿਹਾ, ''ਪੁਜਾਰੀ ਨੇ ਮੁਲਾਕਾਤ ਦਾ ਸਮਾਂ ਅਤੇ ਸਥਾਨ ਤੈਅ ਕੀਤਾ, ਜੋ ਸਪੱਸ਼ਟ ਤੌਰ 'ਤੇ ਸ਼ਿਕਾਇਤਕਰਤਾ ਨਾਲ ਸੌਦੇਬਾਜ਼ੀ ਦੇ ਨਜ਼ਰੀਏ ਤੋਂ ਸੀ। ਸਾਰੇ ਤੱਥਾਂ 'ਤੇ ਵਿਚਾਰ ਕਰਨ ਮਗਰੋਂ ਮੈਂ ਇਸ ਨਤੀਜੇ 'ਤੇ ਪੁੱਜੀ ਹਾਂ ਕਿ ਪੁਜਾਰੀ ਇਹ ਪਤਾ ਕਰਨਾ ਚਾਹੁੰਦਾ ਸੀ ਕਿ ਕੀ ਸ਼ਿਕਾਇਤਕਰਤਾ ਪੈਸਿਆਂ ਦੇ ਇਵਜ਼ ਵਿਚ ਦੋਸ਼ ਵਾਪਸ ਲੈ ਲਵੇਗੀ ਜਾਂ ਨਹੀਂ।'' ਇਕ ਇੰਟਰਵਿਊ ਦੌਰਾਨ ਅਭੈ ਦੇਵ ਸ਼ਰਮਾ ਨੇ ਸ਼ਿਕਾਇਤਕਰਤਾ ਨੂੰ ਪੈਸਿਆਂ ਦੀ ਪੇਸ਼ਕਸ਼ ਦੇ ਦੋਸ਼ਾਂ ਨੂੰ ਖ਼ਾਰਜ ਕਰ ਦਿਤਾ। ਉਧਰ ਪੀਲ ਰੀਜਨਲ ਪੁਲਸ ਨੇ ਕਿਹਾ ਕਿ ਇਸ ਗੱਲ ਦੀ ਪੜਤਾਲ ਨਹੀਂ ਕੀਤੀ ਗਈ ਕਿ ਇਕ ਵਿਅਕਤੀ ਵਲੋਂ ਪੀੜਤ ਨੂੰ ਚੁੱਪ ਕਰਵਾਉਣ ਦੀਆਂ ਕੋਸ਼ਿਸ਼ਾਂ ਨਾਲ ਕਿਸੇ ਕਾਨੂੰਨ ਦੀ ਉਲੰਘਣਾ ਹੋਈ ਹੈ ਜਾਂ ਨਹੀਂ। ਇਸੇ ਦਰਮਿਆਨ ਸ਼ਰਮਾ ਦੇ ਵਕੀਲ ਸਟੀਵਨ ਨੇ ਕਿਹਾ ਕਿ ਉਸ ਦੇ ਮੁਵੱਕਲ ਨੇ ਫ਼ੈਸਲੇ ਵਿਰੁੱਧ ਅਪੀਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਅਪੀਲ 'ਤੇ ਸੁਣਵਾਈ ਹੋਣ ਤੱਕ ਉਸ ਨੂੰ ਜ਼ਮਾਨਤ ਮਿਲ ਗਈ। ਇਸ ਮੁੱਦੇ 'ਤੇ ਮੰਦਰ ਦੇ ਬੁਲਾਰੇ ਦੀ ਟਿੱਪਣੀ ਪ੍ਰਾਪਤ ਨਹੀਂ ਕੀਤੀ ਜਾ ਸਕੀ।