ਪੰਜਾਬ ਰੋਡਵੇਜ਼ ਕਰਮਚਾਰੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਦਖ਼ਲ ਮੰਗਿਆ
- ਸਿੱਖ ਉਮੀਦਵਾਰ ਦੀ ਪਗਡ਼ੀ ਉਤਾਰਨ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਮੰਗੀ
ਮੋਹਾਲੀ : ਨਗਰ ਨਿਗਮ ਚੋਣਾਂ ਨੂੰ ਲੈ ਕੇ ਯੂਥ ਅਕਾਲੀ ਦਲ ਛੱਡ ਕੇ ਅਜ਼ਾਦ ਗਰੁੱਪ ਵਿੱਚ ਸ਼ਾਮਿਲ ਹੋਏ ਆਗੂ ਪਰਵਿੰਦਰ ਸਿੰਘ ਸੋਹਾਣਾ ਦੀ ਬੀਤੇ ਦਿਨੀਂ ਸੈਕਟਰ 79 ਮੋਹਾਲੀ ਦਫ਼ਤਰ ਵਿੱਚ ਵਡ਼ ਕੇ ਹਮਲਾ ਕਰਨ ਅਤੇ ਪਗੜੀ ਉਤਾਰਨ ਦੀ ਵਾਇਰਲ ਹੋਈ ਵੀਡੀਓ ਅਤੇ ਇਸ ਮਾਮਲੇ ਦੀਆਂ ਛਪੀਆਂ ਖ਼ਬਰਾਂ ਦਾ ਭਾਵੇਂ ਕਿਸੇ ਵੀ ਸਿੱਖ ਜਥੇਬੰਦੀ ਨੇ ਗੰਭੀਰ ਨੋਟਿਸ ਨਹੀਂ ਲਿਆ ਪ੍ਰੰਤੂ ਪੰਜਾਬ ਕਰਮਚਾਰੀ ਦਲ ਨੇ ਇਸ ਪੱਗ ਦੀ ਬੇਅਦਬੀ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ।
ਉਕਤ ਪਗੜੀ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਪੰਜਾਬ ਰੋਡਵੇਜ਼ ਕਰਮਚਾਰੀ ਦਲ ਦੀ ਇੱਕ ਜ਼ਰੂਰੀ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਸਤਬੀਰ ਸਿੰਘ ਖੱਟਡ਼ਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਰੋਡਵੇਜ਼ ਚੰਡੀਗਡ਼੍ਹ ਡਿਪੂ ਦੇ ਪ੍ਰਧਾਨ ਜਗਦੀਸ਼ ਸਿੰਘ ਸੋਹਾਣਾ, ਰਾਜਵੀਰ ਸਿੰਘ ਟਿਵਾਣਾ ਜਨਰਲ ਸਕੱਤਰ, ਰੋਪਡ਼ ਡਿਪੂ ਦੇ ਪ੍ਰਧਾਨ ਸਰਬਜੀਤ ਸਿੰਘ ਗੋਸਲ, ਜਨਰਲ ਸਕੱਤਰ ਤਰਲੋਚਨ ਸਿੰਘ, ਨੰਗਲ ਡਿਪੂ ਦੇ ਪ੍ਰਧਾਨ ਤਲਵਿੰਦਰ ਸਿੰਘ ਸੰਧੂ, ਜਨਰਲ ਸਕੱਤਰ ਅਮਰੀਕ ਸਿੰਘ ਅਤੇ ਲੁਧਿਆਣਾ ਡਿਪੂ ਦੇ ਦਰਸ਼ਨ ਸਿੰਘ ਘੁਲਾਲ਼ ਅਤੇ ਹੋਰ ਆਗੂ ਅਤੇ ਮੈਂਬਰ ਸ਼ਾਮਿਲ ਹੋਏ।
ਮੀਟਿੰਗ ਵਿੱਚ ਪਿਛਲੇ ਦਿਨੀਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੋਹਾਲੀ ਸ਼ਹਿਰ ਦੇ ਸੈਕਟਰ 79 ਵਿਖੇ ਅਜ਼ਾਦ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਦੀ ਪਗੜੀ ਲਾਹੁਣ ਦੀ ਵੀਡੀਓ ਪਾ ਕੇ ਗਾਲ਼ਾਂ ਕੱਢਣ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਘੁਬੀਰ ਸਿੰਘ ਨੂੰ ਅਪੀਲ ਕੀਤੀ ਗਈ ਕਿ ਉਪਰੋਕਤ ਗਲਤ ਅਤੇ ਸ਼ਰਾਰਤੀ ਅਨਸਰਾਂ ਦੀ ਜਾਂਚ ਕਰਵਾ ਕੇ ਅਤੇ ਪਗਡ਼ੀ ਦੀ ਕੀਤੀ ਬੇਅਦਬੀ ਸਬੰਧੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕੋਈ ਵੀ ਕਿਸੇ ਵੀ ਅਜਿਹੀ ਘਿਨਾਉਣੀ ਹਰਕਤ ਕਰਨ ਦੀ ਜੁਰੱਅਤ ਨਾ ਕਰ ਸਕੇ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਅਜ਼ਾਦ ਗਰੁੱਪ ਦੇ ਉਕਤ ਦਫ਼ਤਰ ਵਿੱਚ ਕਿਸਾਨ ਬਣ ਕੇ ਆਏ ਕੁਝ ਸ਼ਰਾਰਤੀ ਅਤੇ ਗੁੰਡਾ ਅਨਸਰਾਂ ਨੇ ਕਿਸਾਨੀ ਮੁੱਦੇ ਦੀ ਆਡ਼ ਵਿੱਚ ਡਾਂਗਾਂ ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ ਸੀ ਅਤੇ ਪਰਵਿੰਦਰ ਸਿੰਘ ਸੋਹਾਣਾ ਦੀ ਪਗੜੀ ਉਤਾਰ ਕੇ ਲੈ ਗਏ। ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਦੀ ਵੀਡੀਓ ਵੀ ਵਾਇਰਲ ਹੋਈ ਜਿਸ ਵਿੱਚ ਉਹ ਸ਼ਰੇਆਮ ਕਹਿੰਦਾ ਦਿਖਾਈ ਦੇ ਰਿਹਾ ਹੈ ਕਿ ਪਰਵਿੰਦਰ ਸੋਹਾਣੇ ਦੀ ਪੱਗ ਲੈ ਆਏ ਹਨ। ਉਸੀ ਦਿਨ ਸਾਬਕਾ ਮੇਅਰ ਸ੍ਰ. ਕੁਲਵੰਤ ਸਿੰਘ, ਪਰਵਿੰਦਰ ਸਿੰਘ ਅਤੇ ਸੁਖਦੇਵ ਸਿੰਘ ਪਟਵਾਰੀ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਇਸ ਹਮਲੇ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸਥਾਨਕ ਆਗੂਆਂ ਅਤੇ ਕਾਂਗਰਸ ਪਾਰਟੀ ਦੇ ਆਗੂਆਂ ਉਤੇ ਦੋਸ਼ ਲਗਾਏ ਸਨ। ਉਸ ਮਾਮਲੇ ਵਿੱਚ ਭਾਵੇਂ ਪੁਲੀਸ ਨੇ ਐਫ.ਆਈ.ਆਰ. ਦਰਜ ਕਰ ਲਈ ਹੈ ਪ੍ਰੰਤੂ ਕਿਸੇ ਵੀ ਸਿੱਖ ਜਥੇਬੰਦੀ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਰਦਾਰ ਵਿਅਕਤੀ ਦੀ ਇਸ ਪਗੜੀ ਬੇਅਦਬੀ ਮਾਮਲੇ ਵਿੱਚ ਕੋਈ ਗੰਭੀਰਤਾ ਨਹੀਂ ਦਿਖਾਈ।