ਦੁਬਈ : ਭਾਰਤ ਦੇ ਰਿਸ਼ਭ ਪੰਤ ਆਸਟਰੇਲੀਆ ਵਿਰੁਧ ਬਿ੍ਰਸਬੇਨ ਟੈਸਟ ਮੈਚ ਵਿਚ ਅਜੇਤੂ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਨਾਲ ਵਿਸ਼ਵ ਵਿਚ ਸੱਭ ਤੋਂ ਜ਼ਿਆਦਾ ਅੰਕਾਂ ਦੇ ਵਿਕਟਕੀਪਰ ਬੱਲੇਬਾਜ਼ ਬਣ ਗਏ ਹਨ। ਅੰਤਰਰਾਸ਼ਟਰੀ ਕਿ੍ਰਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਬੁਧਵਾਰ ਨੂੰ ਜਾਰੀ ਤਾਜ਼ਾ ਵਿਸ਼ਵ ਦਰਜਾਬੰਦੀ ਵਿਚ ਪੰਤ ਬੱਲੇਬਾਜ਼ਾਂ ਦੀ ਸੂਚੀ ਵਿਚ 13ਵੇਂ ਸਥਾਨ ’ਤੇ ਪਹੁੰਚੇ ਹਨ, ਜੋ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਉਤਮ ਰੈਂਕਿੰਗ ਹੈ। ਅਪਣੀ ਬੱਲੇਬਾਜ਼ੀ ਕਾਰਨ ਵਿਸ਼ੇਸ਼ ਪਛਾਣ ਬਣਾ ਰਹੇ ਪੰਤ ਦੇ 691 ਅੰਕ ਹਨ। ਵਿਕਟਕੀਪਰ ਬੱਲੇਬਾਜ਼ਾਂ ਵਿਚ ਉਨ੍ਹਾਂ ਤੋਂ ਬਾਅਦ ਦਖਣੀ ਅਫ਼ਰੀਕਾ ਦੇ ਕਵਿੰਟਨ ਡਿਕਾਕ ਦਾ ਨੰਬਰ ਆਉਂਦਾ ਹੈ ਜੋ 677 ਅੰਕਾਂ ਨਾਲ 15ਵੇਂ ਸਥਾਨ ’ਤੇ ਹਨ। ਆਸਟਰੇਲੀਆ ਦੇ ਬੱਲੇਬਾਜ਼ ਮਾਰਨਸ ਲਾਬੁਸ਼ੇਨ ਬਿ੍ਰਸਬੇਨ ਵਿਚ ਪਹਿਲੀ ਪਾਰੀ ਦੇ ਸੈਂਕੜੇ ਦੇ ਦਮ ’ਤੇ ਭਾਰਤੀ ਕਪਤਾਨ ਵਿਰਾਟ ਕੋਹਲੀ (862 ਅੰਕ) ਤੋਂ ਅੱਗੇ ਨਿਕਲ ਕੇ ਤੀਜੇ ਸਥਾਨ ’ਤੇ ਪਹੁੰਚ ਗਏ ਹਨ। ਲਾਬੁਸ਼ੇਨ ਦੇ 878 ਅੰਕ ਹਨ। ਕੋਹਲੀ ਛੁੱਟੀ ਕਾਰਨ ਆਸਟਰੇਲੀਆ ਦੌਰੇ ਦੇ ਆਖ਼ਰੀ ਤਿੰਨ ਮੈਚਾਂ ਵਿਚ ਨਹੀਂ ਖੇਡੇ ਸਨ। ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ (919) ਅਤੇ ਆਸਟਰੇਲੀਆ ਦੇ ਸਟੀਵ ਸਮਿਥ (891) ਪਹਿਲੇ ਦੋ ਸਥਾਨਾਂ ’ਤੇ ਹਨ।