ਬਠਿੰਡਾ : ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਸ਼ੀਤ ਲਹਿਰ ਕਾਰਨ ਠੰਢ ਦਾ ਜ਼ੋਰ ਤੇਜ਼ ਹੈ ਅਤੇ ਸੰਘਣੀ ਧੁੰਦ ਕਾਰਨ ਜ਼ਿੰਦਗੀ ਦੀ ਰਫ਼ਤਾਰ ਰੁਕਦੀ ਹੋਈ ਨਜ਼ਰ ਆ ਰਹੀ ਹੈ, ਜਿਸ ਕਰਕੇ ਜਨਜੀਵਨ ਅਸਤ- ਵਿਅਸਤ ਹੋ ਕੇ ਰਹਿ ਗਿਆ, ਜ਼ਿਲ੍ਹਾ ਬਠਿੰਡਾ ਵਿੱਚ ਵਾਪਰੇ ਹਾਦਸਿਆਂ ਵਿੱਚ ਠੰਢ ਅਤੇ ਸੜਕੀ ਹਾਦਸਿਆਂ ਸਮੇਤ ਦੋ ਘਟਨਾਵਾਂ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਰਫ਼ਤਾਰ ਟਰਾਲੇ ਨੇ ਧੁੰਦ ਕਾਰਨ ਸੜਕ ਜਾ ਰਹੀ ਬਜ਼ੁਰਗ ਮਹਿਲਾ ਨੂੰ ਕੁਚਲ ਦਿੱਤਾ, ਜਿਸ ਦੀ ਸ਼ਨਾਖ਼ਤ ਬਿਮਲਾ ਦੇਵੀ ਵਾਸੀ ਜੋਗਾ ਨਗਰ ਵਜੋਂ ਹੋਈ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਦੱਸਿਆ ਕਿ ਠੰਢ ਕਾਰਨ ਅਨਾਜ ਮੰਡੀ ਦੇ ਸ਼ੈਡਾਂ ਵਿੱਚ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ, ਜਿਸ ਦੀ ਸ਼ਨਾਖਤ ਗੁਰਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ ਜੋ ਪਰਿਵਾਰ ਤੋਂ ਵੱਖ ਰਹਿੰਦਾ ਸੀ, ਦੀ ਮੌਤ ਹੋਈ ਹੈ। ਇਸੇ ਤਰ੍ਹਾਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਦੱਸਿਆ ਕਿ ਤੇਜ਼ ਰਫ਼ਤਾਰ ਕਾਰ ਅਚਾਨਕ ਪਲਟ ਗਈ, ਹਾਦਸਾ ਇੰਨਾ ਜ਼ਬਰਦਸਤ ਸੀ ਕਿ ਅੱਗੇ ਬੈਠੀਆਂ ਬਜ਼ੁਰਗ ਔਰਤਾਂ ਡਿੱਗੀ ਕੋਲ ਪਹੁੰਚ ਗਈਆਂ, ਜਿਸ ਵਿਚ ਇਕ ਬੱਚੇ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ, ਜਿਨ੍ਹਾਂ ਨੂੰ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਰਕਰਾਂ ਨੇ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਠੰਢ ਦਾ ਜ਼ੋਰ ਇਸੇ ਤਰ੍ਹਾਂ ਜਾਰੀ ਰਹਿਣ ਦਾ ਅਨੁਮਾਨ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਠੰਢ ਨਾਲ ਹੁਣ ਤੱਕ ਅੱਧਾ ਦਰਜਨ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।