ਚੰਡੀਗੜ੍ਹ : ਉੱਘੇ ਕਬੱਡੀ ਖਿਡਾਰੀ ਅਤੇ ਸਟਾਰ ਰੇਡਰ ਮਹਾਬੀਰ ਸਿੰਘ ਅਠਵਾਲ (29) ਦੀ ਬੀਤੀ ਰਾਤ ਮੌਤ ਹੋ ਗਈ। ਮਹਾਵੀਰ ਸਿੰਘ ਦੀ ਮੌਤ ਤੋਂ ਬਾਅਦ ਖੇਡ ਜਗਤ ਅਤੇ ਇਲਾਕੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਮਹਾਬੀਰ ਸਿੰਘ (28) ਪੁੱਤਰ ਬਲਵਿੰਦਰ ਸਿੰਘ ਵਾਸੀ ਅਠਵਾਲ ਕਬੱਡੀ ਦਾ ਪ੍ਰਸਿੱਧ ਰੇਡਰ ਸੀ ਅਤੇ ਉਸ ਨੇ ਪਿਛਲੇ ਦਿਨੀਂ ਯੂ. ਐੱਸ. ਏ. ’ਚ ਹੋਏ ਕਬੱਡੀ ਟੂਰਨਾਮੈਂਟ ’ਚ ਲਗਾਤਾਰ ਸੱਤ ਰੇਡਾਂ ’ਤੇ ਜਿੱਤ ਹਾਸਲ ਕਰਕੇ ਮਿਸਾਲ ਕਾਇਮ ਕੀਤੀ ਸੀ। ਇਸ ਤੋਂ ਇਲਾਵਾ ਮਹਾਬੀਰ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕੈਲੇਫੋਰਨੀਆ ਅਤੇ ਹੋਰ ਕਈ ਵਿਦੇਸ਼ਾਂ ’ਚ ਕਬੱਡੀ ਦੇ ਜੌਹਰ ਰਾਹੀਂ ਪਿੰਡ ਤੇ ਪੰਜਾਬ ਦਾ ਨਾਂ ਰੋਸ਼ਨ ਕਰ ਚੁੱਕਾ ਹੈ।
ਮਹਾਬੀਰ ਸਿੰਘ ਅਠਵਾਲ ਇਸ ਸਮੇਂ ਭਗਵਾਨਪੁਰ ਟੀਮ ’ਚ ਸਟਾਰ ਰੇਡਰ ਵਜੋਂ ਆਪਣੀ ਖੇਡ ਦਾ ਲੋਹਾ ਮਨਵਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮਹਾਬੀਰ ਸਿੰਘ ਦੇ ਪੇਟ ’ਚ ਇਨਫੈਕਸ਼ਨ ਸੀ, ਜਿਸ ਨੂੰ ਪਹਿਲਾਂ ਬਟਾਲਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੋਂ ਉਸ ਨੂੰ ਅੰਮਿ੍ਰਤਸਰ ਰੈਫਰ ਕਰ ਦਿੱਤਾ ਗਿਆ ਪਰ ਅੰਮਿ੍ਰਤਸਰ ’ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਹਾਵੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਉਸ ਦੀਆਂ ਦੋ ਧੀਆਂ (8) ਅਤੇ (5) ਸਾਲ ਹਨ।